
ਚੰਡੀਗੜ੍ਹ, 16 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ‘ਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਅਸਰ ਵੱਧ ਗਿਆ ਹੈ, ਪਰ ਵੀਰਵਾਰ ਤੋਂ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਵੈਸਟਰਨ ਡਿਸਟਰਬੈਂਸ ਪਹਾੜੀ ਇਲਾਕਿਆਂ ‘ਚ ਪਹੁੰਚ ਗਿਆ ਹੈ, ਜਿਸ ਕਰਕੇ ਅੱਜ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
ਬੁੱਧਵਾਰ ਦੇ ਮੁਕਾਬਲੇ ਤਾਪਮਾਨ ‘ਚ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਹੁਣ ਇਹ ਆਮ ਤੋਂ 2.6 ਡਿਗਰੀ ਜ਼ਿਆਦਾ ਹੈ। ਸਭ ਤੋਂ ਵੱਧ ਤਾਪਮਾਨ ਪਟਿਆਲਾ ‘ਚ 38.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ‘ਚ 36.8 ਡਿਗਰੀ ਤਾਪਮਾਨ ਰਿਹਾ।
ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਨਾਲ ਇੱਕ ਸਾਈਕਲੋਨਿਕ ਸਰਕੂਲੇਸ਼ਨ ਵੀ ਬਣਿਆ ਹੋਇਆ ਹੈ, ਜਿਸ ਕਾਰਨ ਟ੍ਰਫ ਬਣੀ ਹੈ। ਇਸ ਦੇ ਪ੍ਰਭਾਵ ਨਾਲ ਅੱਜ ਸ਼ਾਮ ਤੱਕ ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹਿਣਗੇ ਅਤੇ ਅੰਮ੍ਰਿਤਸਰ, ਪਠਾਨਕੋਟ, ਹੋਸ਼ਿਆਰਪੁਰ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਦਿਨ ਦੌਰਾਨ ਹਵਾਵਾਂ ਵੀ ਚੱਲਣਗੀਆਂ।
ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਤਾਪਮਾਨ ਵੱਧ ਗਿਆ ਹੈ। ਲੁਧਿਆਣਾ ‘ਚ 37.0°C, ਫਰੀਦਕੋਟ ‘ਚ 37.5°C, ਗੁਰਦਾਸਪੁਰ ‘ਚ 35.5°C, ਨਵਾਂਸ਼ਹਿਰ ‘ਚ 35.2°C, ਫਾਜ਼ਿਲਕਾ ‘ਚ 36.7°C, ਫਿਰੋਜ਼ਪੁਰ ‘ਚ 36.0°C, ਹੋਸ਼ਿਆਰਪੁਰ ‘ਚ 35.4°C, ਮੋਹਾਲੀ ‘ਚ 35.8°C, ਰੋਪੜ ‘ਚ 35.7°C ਅਤੇ ਸ੍ਰੀ ਆਨੰਦਪੁਰ ਸਾਹਿਬ ‘ਚ 36.5°C ਤਾਪਮਾਨ ਦਰਜ ਕੀਤਾ ਗਿਆ। ਸੂਬੇ ‘ਚ ਮੌਸਮ ਸੁੱਕਾ ਰਿਹਾ ਅਤੇ ਕਿਤੇ ਵੀ ਮੀਂਹ ਦਰਜ ਨਹੀਂ ਹੋਇਆ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ 16 ਤੋਂ 17 ਅਪ੍ਰੈਲ ਦਰਮਿਆਨ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਚਾਰ ਦਿਨਾਂ ‘ਚ ਤਾਪਮਾਨ ‘ਚ 3 ਤੋਂ 4 ਡਿਗਰੀ ਤੱਕ ਹੋਰ ਵਾਧੇ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਲਗਭਗ ਇਸੇ ਤਰ੍ਹਾਂ ਬਣਿਆ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH