
ਲੁਧਿਆਣਾ, 18 ਅਪ੍ਰੈਲ (ਹਿੰ.ਸ.)| ਲੁਧਿਆਣਾ ਵਿੱਚ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲਿਸ ਨੇ ਆਈਪੀਐਲ ਮੈਚਾਂ ‘ਤੇ ਸੱਟੇਬਾਜ਼ੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ 1 ਲੱਖ 10 ਹਜ਼ਾਰ ਰੁਪਏ ਨਕਦ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੂੰ ਗਸ਼ਤ ਦੌਰਾਨ ਇੱਕ ਮੁਖਬਿਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਆਈਪੀਐਲ ਮੈਚਾਂ ‘ਤੇ ਗੈਰਕਾਨੂੰਨੀ ਸੱਟਾ ਲਗਵਾ ਰਹੇ ਹਨ। ਇਹ ਲੋਕ ਸਧਾਰਨ ਲੋਕਾਂ ਨੂੰ ਵੱਡੇ ਮੁਨਾਫ਼ੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾਤੇ ਖੁਲਵਾਉਂਦੇ ਸਨ। ਬਾਅਦ ਵਿੱਚ ਇਨ੍ਹਾਂ ਖਾਤਿਆਂ ਵਿੱਚ ਹਵਾਲਾ ਰਾਹੀਂ ਪੈਸੇ ਪਾ ਕੇ ਧੋਖਾਧੜੀ ਕੀਤੀ ਜਾਂਦੀ ਸੀ।
ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੀ ਪਹਿਚਾਣ ਸ਼ੁਭਮ ਦਿਕਸ਼ਿਤ ਵਾਸੀ ਗਰੇਵਾਲ ਕਾਲੋਨੀ ਅਤੇ ਵਿਕਾਸ ਮਹਿਤਾ ਪੁੱਤਰ ਸੰਜੇ ਮਹਿਤਾ ਵਾਸੀ ਨਿਊ ਕਰਤਾਰ ਨਗਰ ਵਜੋਂ ਹੋਈ ਹੈ।
ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿੰਨੇ ਬੈਂਕ ਖਾਤਿਆਂ ਵਿੱਚ ਹਵਾਲਾ ਰਾਹੀਂ ਰਕਮ ਟ੍ਰਾਂਸਫਰ ਕੀਤੀ ਗਈ ਸੀ। ਮਾਮਲੇ ਨਾਲ ਜੁੜੇ ਹੋਰ ਸਬੂਤ ਵੀ ਪੁਲਿਸ ਦੇ ਹੱਥ ਲੱਗੇ ਹਨ, ਜਿਸ ਤੋਂ ਬਾਅਦ ਹੋਰ ਸਾਥੀਆਂ ‘ਤੇ ਵੀ ਜਲਦ ਕਾਰਵਾਈ ਹੋ ਸਕਦੀ ਹੈ। ਫਿਲਹਾਲ ਦੋਵਾਂ ਨਾਲ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH