
ਬਠਿੰਡਾ,18 ਅਪ੍ਰੈਲ (ਹਿੰ.ਸ.)। ਵਿਧਾਇਕ ਬਠਿੰਡਾ ਦਿਹਾਤੀ ਅਮਿਤ ਰਤਨ ਵੱਲੋਂ ਸੀ-ਪਾਈਟ ਕੈਂਪ ਕਾਲਝਰਾਣੀ (ਬਠਿੰਡਾ) ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਕੈਂਪ ਵਿੱਚ ਟਰੇਨਿੰਗ ਲੈ ਰਹੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਵਿਚਾਰਾਂ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦੇ ਕੀਮਤੀ ਤਜਰਬੇ ਸਾਂਝੇ ਕੀਤੇ, ਜਿਸ ਨਾਲ ਨੌਜਵਾਨਾਂ ਵਿੱਚ ਨਵਾਂ ਹੌਂਸਲਾ ਤੇ ਪ੍ਰੇਰਣਾ ਪੈਦਾ ਹੋਵੇਗੀ।
ਇਸ ਦੌਰਾਨ ਵਿਧਾਇਕ ਅਮਿਤ ਰਤਨ ਨੇ ਕੈਂਪ ਦੇ ਪਿਛਲੇ ਨਤੀਜਿਆਂ ਦਾ ਜਾਇਜ਼ਾ ਲੈਂਦੇ ਹੋਏ ਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸੀ-ਪਾਈਟ ਕੈਂਪ ਕਾਲਝਰਾਣੀ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਰਮੀ ਅਗਨੀਵੀਰ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਲਈ ਲਿਖਤੀ ਅਤੇ ਫਿਜੀਕਲ ਤਿਆਰੀ ਇਸ ਕੈਂਪ ਰਾਹੀਂ ਕਰਕੇ ਆਪਣੇ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ।
ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਟਰੇਨਿੰਗ ਕੇਂਦਰ ਇਸ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਅੰਤ ਵਿਚ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਦੇ ਰਹਿਣ-ਸਹਿਣ ਨਾਲ ਸੰਬੰਧਿਤ ਵਿਚਾਰ ਵੀ ਸ਼੍ਰੀ ਅਮਿਤ ਰਤਨ ਦੇ ਧਿਆਨ ਵਿੱਚ ਲਿਆਂਦੇ ਗਏ, ਜਿਨ੍ਹਾਂ ਨੂੰ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕੈਪਟਨ ਲਖਵਿੰਦਰ ਸਿੰਘ ਸਿਖਲਾਈ ਅਧਿਕਾਰੀ ਅਤੇ ਸਮੂਹ ਕੈਂਪ ਸਟਾਫ ਵੱਲੋਂ ਅਮਿਤ ਰਤਨ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ ਗਿਆ
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ