
ਚੰਡੀਗੜ੍ਹ, 18 ਅਪ੍ਰੈਲ (ਹਿੰ.ਸ.)|
‘ਸਾਲਿਡ ਹੈਬਿਟਸ, ਸਟ੍ਰਾਂਗ ਲਿਵਰ’ ਥੀਮ ਹੇਠ 19 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਤੋਂ ਪਹਿਲਾਂ ‘ਦ ਲੈਂਸੇਟ’ ਦੀ ਰਿਪੋਰਟ ਨੇ ਦੁਨੀਆ ਭਰ ਵਿੱਚ ਲਿਵਰ ਬੀਮਾਰੀਆਂ ਦੇ ਤੇਜ਼ੀ ਨਾਲ ਵਧ ਰਹੇ ਖਤਰੇ ਨੂੰ ਉਜਾਗਰ ਕੀਤਾ ਹੈ। ਰਿਪੋਰਟ ਮੁਤਾਬਕ ‘ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼’ (ਐਮਏਐਸਐਲਡੀ) ਦੇ ਮਾਮਲੇ 2023 ਦੇ 1.3 ਅਰਬ ਤੋਂ ਵਧ ਕੇ 2050 ਤੱਕ 1.8 ਅਰਬ ਹੋ ਸਕਦੇ ਹਨ।
ਇਸ ਚੁਣੌਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਆਪਣੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਸਥਾਰਿਤ ਸਕ੍ਰੀਨਿੰਗ ਅਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਕੈਸ਼ਲੈੱਸ ਇਲਾਜ ਦੀ ਸਹੂਲਤ ਨੂੰ ਹੋਰ ਫੈਲਾਇਆ ਹੈ। ਸਿਹਤ ਮਾਹਿਰਾਂ ਅਨੁਸਾਰ ਲਿਵਰ ਬੀਮਾਰੀਆਂ ਇੱਕ “ਮੂਕ ਮਹਾਂਮਾਰੀ” ਵਜੋਂ ਉੱਭਰ ਰਹੀਆਂ ਹਨ, ਜਿਸ ਦੇ ਲੱਛਣ ਅਕਸਰ ਦੇਰ ਨਾਲ ਸਾਹਮਣੇ ਆਉਂਦੇ ਹਨ।
ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਜ਼ ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਵਧਦਾ ਸੇਵਨ, ਹੈਪੇਟਾਈਟਿਸ-ਸੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਲਿਵਰ ਬੀਮਾਰੀਆਂ ਦੇ ਮੁੱਖ ਕਾਰਨ ਹਨ। ਉਨ੍ਹਾਂ ਦੱਸਿਆ ਕਿ ਫੈੱਟੀ ਲਿਵਰ ਡਿਜ਼ੀਜ਼ ਵੀ ਤੇਜ਼ੀ ਨਾਲ ਵਧ ਰਹੀ ਹੈ, ਖ਼ਾਸ ਕਰਕੇ ਨੌਜਵਾਨਾਂ ਵਿੱਚ।
ਰਾਜ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਵਿੱਚ ਟੈਸਟ, ਦਵਾਈਆਂ ਅਤੇ ਹਸਪਤਾਲ ਵਿੱਚ ਦਾਖ਼ਲਾ ਸ਼ਾਮਲ ਹਨ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਕਿਹਾ, “ਇਹ ਯੋਜਨਾ ਜੇਬ ਤੋਂ ਹੋਣ ਵਾਲੇ ਖਰਚ ਨੂੰ ਘਟਾਉਂਦੀ ਹੈ , ਇਸਦੇ ਨਾਲ ਹੀ ਰੋਗ ਦੀ ਪਛਾਣ ਅਤੇ ਇਲਾਜ ਵਿੱਚ ਹੋਣ ਵਾਲੀ ਦੇਰੀ ਨੂੰ ਰੋਕਦੀ ਹੈ।
ਜਨਤਕ ਸਿਹਤ ਪ੍ਰੋਗਰਾਮਾਂ ਹੇਠ ਵਿਸਥਾਰਿਤ ਸਕ੍ਰੀਨਿੰਗ ਨਾਲ, ਸ਼ੁਰੂਆਤੀ ਪਛਾਣ ਵਿੱਚ ਸੁਧਾਰ ਹੋਣ ਅਤੇ ਬੀਮਾਰੀ ਦੀ ਪ੍ਰਗਤੀ ਨੂੰ ਧੀਮਾ ਕਰਨ ਦੀ ਉਮੀਦ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਿਵਰ ਡਿਜ਼ੀਜ਼ ਦੇ ਸ਼ੁਰੂਆਤੀ ਪੜਾਅ ਨੂੰ ਜੀਵਨਸ਼ੈਲੀ ਦੇ ਵਿੱਚ ਬਦਲਾਅ ਜਿਵੇਂ ਕਿ ਵਧੀਆ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਸ਼ਰਾਬ ਦੇ ਸੇਵਨ ਵਿੱਚ ਕਮੀ ਕਰਨ ਨਾਲ ਅਕਸਰ ਠੀਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH