
ਬਟਾਲਾ, 19 ਅਪ੍ਰੈਲ (ਹਿੰ.ਸ.)। ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੁਰਦਾਸਪੁਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਮ 07:00 ਵਜੇ ਤੋਂ ਸਵੇਰੇ 06:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਕੀਤੇ ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਕਣਕ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਹਰੀ ਕਣਕ ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ, ਭਾਵ ਦਾਣਾ ਕੱਚਾ ਕੱਟ ਦਿੰਦੀਆਂ ਹਨ। ਇਸਦੀ ਕੁਆਲਿਟੀ ਗਿਰ ਜਾਂਦੀ ਹੈ, ਜਿਸ ਕਰਕੇ ਖਰੀਦ ਏਜੰਸੀਆ ਇਸਦੀ ਖਰੀਦ ਕਰਨ ਤੋਂ ਹਿਚਕਚਾਉਂਦੀਆ ਹਨ ਅਤੇ ਜਿਸਦਾ ਸਿੱਧਾ ਅਸਰ ਦੇਸ਼ ਦੇ ਉਤਪਾਦਨ ’ਤੇ ਪੈਂਦਾ ਹੈ। ਕਣਕ ਨਾ ਵਿਕਣ ਕਰਕੇ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਖਸਤਾ ਪੈਦਾ ਹੁੰਦਾ ਹੈ। ਇਸ ਲਈ ਇਸ ਦੀ ਰੋਕਥਾਮ ਕਰਨ ਦੀ ਜ਼ਰੂਰਤ ਹੈ।
ਜਾਰੀ ਕੀਤੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਅਤੇ ਬਟਾਲਾ/ਸਮੂਹ ਉਪ ਮੰਡਲ ਮੈਜਿਸਟ੍ਰੇਟ/ਕਮਿਸ਼ਨਰ ਨਗਰ ਨਿਗਮ, ਗੁਰਦਾਸਪੁਰ/ਸਮੂਹ ਕਾਰਜ ਸਾਧਕ ਅਫਸਰ, ਜ਼ਿਲ੍ਹਾ ਗੁਰਦਾਸਪੁਰ ਅਤੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਆਪਣੇ-ਆਪਣੇ ਅਧਿਕਾਰਤ ਖੇਤਰਾਂ ਵਿੱਚ ਇਸ ਹੁਕਮ ਨੂੰ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ ਅਤੇ ਰੈਗੂਲਰ ਚੈਕਿੰਗ ਕਰਨੀ ਯਕੀਨੀ ਬਣਾਉਣਗੇ। ਜੇਕਰ ਕਿਸੇ ਵੀ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਸ਼ਾਮ 07:00 ਵਜੇ ਤੋਂ ਸਵੇਰੇ 06:00 ਵਜੇ ਤੱਕ ਕੰਬਾਇਨ ਨਾਲ ਕਣਕ ਦੀ ਫਸਲ ਕੱਟਦੀ ਫੱੜੀ ਗਈ, ਤਾਂ ਉਸਨੂੰ ਤੁਰੰਤ ਜ਼ਬਤ ਕੀਤਾ ਜਾਵੇ ਅਤੇ ਡਿਊਟੀ ਦੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 10 ਜੂਨ 2026 ਤੱਕ ਲਾਗੂ ਰਹੇਗਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ