
ਚੰਡੀਗੜ੍ਹ, 19 ਅਪ੍ਰੈਲ (ਹਿੰ.ਸ.)|
ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਬਠਿੰਡਾ ਵਿੱਚ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ ਪਾਰਾ 40.0 ਡਿਗਰੀ ਤੱਕ ਪਹੁੰਚ ਗਿਆ। ਸੂਬੇ ਦੇ ਔਸਤ ਤਾਪਮਾਨ ਵਿੱਚ 1.8 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ ਆਮ ਤੋਂ ਲਗਭਗ 3.5 ਡਿਗਰੀ ਜ਼ਿਆਦਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ 24 ਅਪ੍ਰੈਲ ਤੱਕ ਮੌਸਮ ਮੁੱਖ ਤੌਰ ‘ਤੇ ਸੁੱਕਾ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ 2 ਤੋਂ 3 ਡਿਗਰੀ ਤੱਕ ਵਾਧੇ ਦੀ ਸੰਭਾਵਨਾ ਹੈ। ਲੋਕਾਂ ਨੂੰ ਸਾਵਧਾਨ ਰਹਿਣ ਅਤੇ ਖਾਣ-ਪੀਣ ‘ਤੇ ਖਾਸ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ।
18 ਸ਼ਹਿਰਾਂ ‘ਚ 35 ਤੋਂ 41 ਡਿਗਰੀ ਵਿਚਕਾਰ ਤਾਪਮਾਨ
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ 18 ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਤੋਂ 41 ਡਿਗਰੀ ਦੇ ਵਿਚਕਾਰ ਰਿਹਾ।
-
ਅੰਮ੍ਰਿਤਸਰ: 36.8°C (+2.0°C)
-
ਲੁਧਿਆਣਾ: 39.8°C (+3.2°C)
-
ਪਟਿਆਲਾ: 40.4°C (+3.1°C)
-
ਹੋਸ਼ਿਆਰਪੁਰ: 37.3°C (+2.4°C)
ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਤਾਪਮਾਨ ਸਥਿਰ ਰਿਹਾ, ਜਦਕਿ ਗੁਰਦਾਸਪੁਰ ਵਿੱਚ 34.0°C ਨਾਲ 3.0 ਡਿਗਰੀ ਦੀ ਘਟੌਤਰੀ ਦਰਜ ਕੀਤੀ ਗਈ। ਬੱਲੋਵਾਲ ਸੌਂਖੜੀ ਅਤੇ ਸਲੇਰਨਾ ਵਿੱਚ ਸਭ ਤੋਂ ਵੱਧ 3.3 ਡਿਗਰੀ ਦਾ ਵਾਧਾ ਦੇਖਿਆ ਗਿਆ। ਮੋਹਾਲੀ ਵਿੱਚ 38.1°C, ਫਿਰੋਜ਼ਪੁਰ ਵਿੱਚ 37.2°C ਅਤੇ ਭਾਖੜਾ ਡੈਮ ‘ਚ 37.4°C ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ 19 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ, ਪਰ ਕੁੱਲ ਮਿਲਾ ਕੇ ਮੌਸਮ ਸੁੱਕਾ ਰਹੇਗਾ। 18 ਤੋਂ 24 ਅਪ੍ਰੈਲ ਦਰਮਿਆਨ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਵਾਧਾ ਹੋ ਸਕਦਾ ਹੈ।
ਗੁਰਦਾਸਪੁਰ, ਹੋਸ਼ਿਆਰਪੁਰ, ਰੂਪਨਗਰ (ਰੋਪੜ) ਅਤੇ ਨਵਾਂਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਹੋਰ ਹਿੱਸਿਆਂ ਵਿੱਚ ਇਹ 36 ਤੋਂ 40 ਡਿਗਰੀ ਤੱਕ ਰਹਿ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 16 ਤੋਂ 18 ਡਿਗਰੀ ਰਹਿਣ ਦੀ ਉਮੀਦ ਹੈ, ਜਦਕਿ ਬਾਕੀ ਸੂਬੇ ਵਿੱਚ ਇਹ 18 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਅਗਲੇ ਕੁਝ ਦਿਨ ਮੌਸਮ ਡਰਾਈ ਰਹੇਗਾ। ਅਗਲੇ 24 ਘੰਟਿਆਂ ਵਿੱਚ ਵੱਡਾ ਫਰਕ ਨਹੀਂ ਆਵੇਗਾ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਵੱਧ ਪਾਣੀ ਪੀਣ, ਧੁੱਪ ਤੋਂ ਬਚਣ ਅਤੇ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH