
ਤਰਨ ਤਾਰਨ, 19 ਅਪ੍ਰੈਲ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਅਤੇ ਪਾਰਟੀ ਦੇ ਲਗਾਤਾਰ ਡਿੱਗ ਰਹੇ ਸਿਆਸੀ ਗ੍ਰਾਫ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਖ਼ਤ ਨਸੀਹਤ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗਲਤ ਸਲਾਹਕਾਰਾਂ ਦੇ ਪ੍ਰਭਾਵ ਹੇਠ ਆ ਕੇ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਕੱਦਾਵਰ ਟਕਸਾਲੀ ਆਗੂਆਂ ਦੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਨਾ ਪਾਰਟੀ ਲਈ ਸਿਆਸੀ ਖੁਦਕੁਸ਼ੀ ਸਾਬਤ ਹੋਵੇਗਾ।
ਪੀਰਮੁਹੰਮਦ ਨੇ ਆਖਿਆ ਕਿ ਅਕਾਲੀ ਧੜਿਆਂ ਦੀ ਏਕਤਾ ਪਾਰਟੀ ਦੀ ਮਜ਼ਬੂਤੀ ਅਤੇ ਪੰਥਕ ਏਕਤਾ ਦੀ ਬਹਾਲੀ ਦਾ ਇੱਕੋ-ਇੱਕ ਰਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਮਰਪਿਤ ਹੋਣਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੇਕ ਸਲਾਹ ਦਿੰਦਿਆਂ ਕਿਹਾ ਕਿ ਪਾਰਟੀ ਦੇ ਭਵਿੱਖੀ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਕੇ ਲੈਣ ਅਤੇ ਅਹੁਦਿਆਂ ਦੀ ਵੰਡ ਕਰਨ ਵੇਲੇ 2 ਦਸੰਬਰ ਦੇ ਹੁਕਮਨਾਮੇ ਨੂੰ ਮੁੱਖ ਆਧਾਰ ਬਣਾਇਆ ਜਾਵੇ। ਉਨ੍ਹਾਂ ਸਪੱਸ਼ਟ ਇਸ਼ਾਰਾ ਕਰਦਿਆਂ ਕਿਹਾ ਕਿ ਸਿਰਫ਼ ਸਿਆਸੀ ਜੋੜ-ਤੋੜ ਅਤੇ ਅਹੁਦਿਆਂ ਦੀ ਵੰਡ ਨਾਲ ਪਾਰਟੀ ਮਜ਼ਬੂਤ ਨਹੀਂ ਹੋਵੇਗੀ, ਬਲਕਿ ਹਰੇਕ ਵਰਕਰ ਅਤੇ ਟਕਸਾਲੀ ਆਗੂ ਨੂੰ ਇਹ ਅਹਿਸਾਸ ਕਰਵਾਉਣਾ ਪਵੇਗਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਮਾਣ-ਸਨਮਾਨ ਸੁਰੱਖਿਅਤ ਹੈ। ਗਲਤ ਸਲਾਹਕਾਰਾਂ ਦੀਆਂ ਚਾਲਾਂ ਵਿੱਚ ਆ ਕੇ ਲਏ ਗਏ ਫੈਸਲਿਆਂ ਨੇ ਹੀ ਸਾਡੀ ਤਾਕਤ ਨੂੰ ਖਿੰਡਾਇਆ ਹੈ ਅਤੇ ਪੰਥਕ ਸਫ਼ਾਂ ਵਿੱਚ ਭਾਰੀ ਨਿਰਾਸ਼ਾ ਪੈਦਾ ਕੀਤੀ ਹੈ।ਆਪਣੀ ਲੀਡਰਸ਼ਿਪ ਨੂੰ ਸਵੈ-ਪੜਚੋਲ ਕਰਨ ਦੀ ਸਲਾਹ ਦਿੰਦਿਆਂ ਪੀਰਮੁਹੰਮਦ ਨੇ ਕਿਹਾ ਕਿ ਅੱਜ ਵਕਤ ਆ ਗਿਆ ਹੈ ਕਿ ਅਸੀਂ ਨਿੱਜੀ ਸਵਾਰਥਾਂ ਨੂੰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਸਰਵਉੱਚ ਮੰਨੀਏ। ਇਸੇ ਵਿੱਚ ਹੀ ਪੰਥ ਦੀ ਚੜ੍ਹਦੀ ਕਲਾ ਅਤੇ ਅਕਾਲੀ ਦਲ ਦੀ ਮੁੜ-ਸੁਰਜੀਤੀ ਦਾ ਰਾਜ਼ ਛੁਪਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਪਹਿਲਕਦਮੀ ਕਰਦਿਆਂ ਅੱਠ ਮੈਂਬਰੀ 'ਏਕਤਾ ਕਮੇਟੀ' ਦਾ ਗਠਨ ਕੀਤਾ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਪੰਥਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਪੰਥਕ ਏਕਤਾ ਦਾ ਸੰਕਲਪ ਪੂਰਾ ਕਰੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ