
ਪਟਿਆਲਾ, 19 ਅਪ੍ਰੈਲ (ਹਿੰ.ਸ.)। ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਸਰੂਪ ਚਾਲੂ ਵਿੱਤੀ ਵਰ੍ਹੇ 2026-27 ਦੌਰਾਨ ਨਵਾਂ ਤੇ ਨਿਵੇਕਲਾ ਨਜ਼ਰ ਆਵੇਗਾ। ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਰਵਾਇਤੀ ਅੰਦਾਜ਼ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਿੱਥੇ ਗਿਣਤੀ ’ਚ ਵਾਧਾ ਕੀਤਾ ਗਿਆ ਹੈ ਉੱਥੇ ਇਨ੍ਹਾਂ ਦੇ ਆਯੋਜਨ ਦੇ ਢੰਗਾਂ ਅਤੇ ਮਨੋਰਥਾਂ ਵਿੱਚ ਵੀ ਨਵੀਨਤਾ ਦਿਖਾਈ ਦੇਵੇਗੀ। ਜਿਸ ਸਦਕਾ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪਸਾਰ ਵਧੇਰੇ ਸੁਚਾਰੂ ਢੰਗ ਨਾਲ ਹੋਵੇਗਾ ਅਤੇ ਨਵੀਂ ਪੀੜ੍ਹੀ ਦਾ ਪੰਜਾਬੀ ਭਾਸ਼ਾ ਪ੍ਰਤੀ ਲਗਾਅ ਵਧੇਗਾ।
ਜ਼ਫ਼ਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਇਸ ਵਿੱਤੀ ਵਰ੍ਹੇ ਦੌਰਾਨ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੇ ਜਨਮ ਦਿਨ ਨਿਵੇਕਲੇ ਤਰੀਕੇ ਨਾਲ, ਉਨ੍ਹਾਂ ਦੀ ਜਨਮ ਭੋਇੰ ’ਤੇ ਜਾਂ ਹੋਰਨਾਂ ਢੁਕਵੀਆਂ ਥਾਵਾਂ ’ਤੇ ਮਨਾਏ ਜਾਣਗੇ। ਇਨ੍ਹਾਂ ਮੌਕਿਆਂ ’ਤੇ ਕਰਵਾਏ ਜਾਣ ਵਾਲੇ ਸਮਾਗਮਾਂ ਦੌਰਾਨ ਸਬੰਧਤ ਗੁਰੂ ਸਾਹਿਬਾਨਾਂ ਦੀ ਬਾਣੀ, ਫਿਲਾਸਫ਼ੀ ਤੇ ਸਿੱਖਿਆਵਾਂ, ਦੇਸ਼ ਭਗਤਾਂ ਦੀਆਂ ਜੁਝਾਰੂ ਲਿਖਤਾਂ, ਕੁਰਬਾਨੀਆਂ ਤੇ ਜੀਵਨ ਬਾਰੇ ਅਤੇ ਉੱਘੇ ਲਿਖਾਰੀਆਂ ਦੀਆਂ ਸਾਹਿਤਕ ਕ੍ਰਿਤਾਂ ਤੇ ਜੀਵਨ ਬਾਰੇ ਬਹੁਪਰਤੀ ਗੋਸ਼ਟੀਆਂ ਤੇ ਸੈਮੀਨਾਰ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦਾ ਟੀਚਾ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਸਾਡੇ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੀਆਂ ਸ਼ਖ਼ਸੀਅਤਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇ ਕੇ, ਦੇਸ਼ ਭਗਤੀ, ਸਾਹਿਤ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨਾ ਹੋਵੇਗਾ। ਸ. ਜ਼ਫ਼ਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਨਾਮਵਰ ਵਿਦਵਾਨ, ਲੇਖਕ ਤੇ ਕਵੀ ਆਪਣੀਆਂ ਰਚਨਾਵਾਂ ਰਾਹੀਂ ਦਾਨਿਸ਼ਵਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਉਣਗੇ।
ਜ਼ਫ਼ਰ ਨੇ ਦੱਸਿਆ ਕਿ ਹਰ ਸਮਾਗਮ ਦਾ ਥੀਮ (ਵਿਸ਼ਾ) ਕਿਸੇ ਨਾ ਕਿਸੇ ਦਾਨਿਸ਼ਵਰ ਨਾਲ ਸਬੰਧਤ ਵਿਸ਼ਾ ਹੋਵੇਗਾ। ਮਿਸਾਲ ਵਜੋਂ ਭਾਸ਼ਾ ਵਿਭਾਗ ਵੱਲੋਂ ਗੁਰੂਆਂ ਦੇ ਪ੍ਰਕਾਸ਼ ਦਿਹਾੜਿਆਂ ਮੌਕੇ ਉਨ੍ਹਾਂ ਦੀ ਬਾਣੀ ਦੇ ਵੱਖ-ਵੱਖ ਸਰੋਕਾਰਾਂ ਬਾਰੇ ਗੋਸ਼ਟੀਆਂ, ਲਿਖਾਰੀਆਂ ਤੇ ਢਾਡੀਆਂ ਤੇ ਕਵੀਸ਼ਰਾਂ ਦੇ ਜਨਮ ਦਿਨ ਸਾਹਿਤਕ ਸਮਾਗਮਾਂ ਦੇ ਰੂਪ ’ਚ ਮਨਾਏ ਜਾਣਗੇ। ਇਸ ਤੋਂ ਇਲਾਵਾ ਵਿਭਾਗ ਵੱਲੋਂ ਮਾਂ ਬੋਲੀ, ਹਿੰਦੀ ਤੇ ਸੰਸਕ੍ਰਿਤ ਦਿਵਸ, ਸਕੂਲਾਂ ਤੇ ਕਾਲਜਾਂ ਦੇ ਵਿਿਦਆਰਥੀਆਂ ਦੇ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਵੀ ਕਰਵਾਏ ਜਾਣਗੇ। ਸਕੂਲੀ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਲੜੀ ਵਿੱਚ ਇਸੇ ਮਹੀਨੇ ਦੌਰਾਨ (26 ਅਪ੍ਰੈਲ) ਨੂੰ ਉੱਘੇ ਵਾਰਤਕਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿੱਚ ਪਟਿਆਲਾ ਤੋਂ ਪ੍ਰੀਤ ਨਗਰ (ਅੰਮ੍ਰਿਤਸਰ) ਤੱਕ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਭਾਸ਼ਾ ਵਿਭਾਗ ਦੀ ਅਗਵਾਈ ’ਚ ਵਿਸ਼ੇਸ਼ ਪ੍ਰੀਤ ਯਾਤਰਾ ਕੱਢੀ ਜਾਵੇਗੀ ਅਤੇ ਪ੍ਰੀਤ ਨਗਰ ਵਿਖੇ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ