
ਸ੍ਰੀ ਮੁਕਤਸਰ ਸਾਹਿਬ, 02 ਅਪ੍ਰੈਲ (ਹਿੰ.ਸ.)। ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਡੀ.ਏ.ਪੀ, ਯੂਰੀਆ ਅਤੇ ਹੋਰ ਖਾਦਾਂ ਦੀ ਉਪਲੱਬਧਤਾ ਅਤੇ ਅਗਾਂਹੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਸਬੰਧੀ ਖਾਦ ਕੰਪਨੀਆਂ ਅਤੇ ਖਾਦ ਹੋਲਸੇਲਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਜਗਸੀਰ ਸਿੰਘ ਵੱਲੋਂ ਸਾਉਣੀ ਸੀਜ਼ਨ ਲਈ ਜ਼ਿਲ੍ਹੇ ਅੰਦਰ ਸਮੇਂ ਸਿਰ ਖਾਦ ਦੀ ਉਪਲੱਬਧਤਾ ਯਕੀਨੀ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਸਬੰਧੀ ਕਿਸੇ ਕਿਸਮ ਦੀ ਮੁ਼ਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਖੇਤੀ ਇਨਪੁਟਸ ਬਿਨ੍ਹਾਂ ਬਿੱਲ ਤੋਂ ਨਾਂ ਲਏ ਜਾਣ ਅਤੇ ਖੇਤੀ ਵਸਤੂਆਂ ਖਰੀਦ ਕਰਦੇ ਸਮੇਂ ਪੱਕਾ ਬਿੱਲ ਜ਼ਰੂਰ ਲਿਆ ਜਾਵੇ। ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਪ੍ਰਾਈਵੇਟ ਖਾਦ ਵਿਕਰੇਤਾ/ਹੋਲਸੇਲਰਾਂ ਵੱਲੋਂ ਖਾਦ ਨਾਲ ਕਿਸੇ ਪ੍ਰਕਾਰ ਦੀ ਅਣਚਾਹੀ ਵਸਤੂ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਟੈਗਿੰਗ ਬਰਦਾਸ਼ਤ ਕੀਤੀ ਜਾਵੇਗੀ। ਹਰੇਕ ਖਾਦ ਵਿਕਰੇਤਾ ਦੇ ਪ੍ਰਿਮਸਿਸ ਤੇ ਸਟਾਕ ਬੋਰਡ ਲੱਗਿਆ ਹੋਣਾ ਜ਼ਰੂਰੀ ਹੈ। ਜੇਕਰ ਕੋਈ ਵੀ ਖਾਦ ਵਿਕਰੇਤਾਂ ਕਿਸੇ ਤਰ੍ਹਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਉਪਰ ਖਾਦ ਕੰਟਰੋਲ ਹੁਕਮ 1985 ਤਹਿਤ ਕਰਵਾਈ ਕੀਤੀ ਜਾਵੇਗੀ।
ਉਨ੍ਹਾਂ ਵੱਲੋਂ ਖਾਦ ਦੀ ਵੰਡ ਯਕੀਨੀ ਬਣਾਉਣ ਲਈ ਅਤੇ ਖਾਦ ਨਾਲ ਟੈਗਿੰਗ ਨੂੰ ਰੋਕਣ ਲਈ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਖੇਤੀ ਸਬੰਧੀ ਕਿਸੇ ਕਿਸਮ ਦੀ ਮੁ਼ਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਬੰਧਤ ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਖਾਦ ਕੰਪਨੀਆਂ ਦੇ ਨੁਮਾਇੰਦਿਆਂ/ਖਾਦ ਹੋਲਸੇਲਰਾਂ/ਡੀਲਰਾਂ ਤੋਂ ਇਲਾਵਾਂ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਜ਼ਸ਼ਨਪ੍ਰੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ