ਬਲਾਕ ਸੰਮਤੀ ਫੂਲ ਚੋਣਾਂ ’ਚ ਅਕਾਲੀ ਦਲ ਦੀ ਜਿੱਤ, ਹਾਈਕੋਰਟ ਦੇ ਹੁਕਮਾਂ ਹੇਠ ਹੋਈ ਵੋਟਿੰਗ ’ਚ ‘ਆਪ’ ਨੂੰ ਝਟਕਾ
2027 ਦੀਆਂ ਚੋਣਾਂ ਦਾ ਟ੍ਰੇਲਰ : ਮਲੂਕਾ
ਜੇਤੂ ਉਮੀਦਵਾਰ।


ਬਠਿੰਡਾ, 02 ਅਪ੍ਰੈਲ (ਹਿੰ.ਸ.)|

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਠਿੰਡਾ ਵਿੱਚ ਬਲਾਕ ਸੰਮਤੀ ਫੂਲ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਦੋਵੇਂ ਅਹੁਦੇ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ ਹੈ। ਚੋਣ ਨਤੀਜਿਆਂ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ (ਪਤਨੀ ਬਲਜੀਤ ਸਿੰਘ ਨੀਲਾ ਮਹਿਰਾਜ) ਚੇਅਰਪਰਸਨ ਚੁਣੀ ਗਈ, ਜਦਕਿ ਕਿਰਨਜੀਤ ਕੌਰ (ਪਤਨੀ ਅੰਮ੍ਰਿਤਪਾਲ ਸਿੰਘ, ਪਿੰਡ ਰਾਈਆ) ਉਪ ਚੇਅਰਪਰਸਨ ਬਣੀ ਹੈ। ਇਸ ਨਤੀਜੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ।

ਕੁੱਲ 18 ਬਲਾਕ ਸੰਮਤੀ ਮੈਂਬਰਾਂ ਵਿੱਚੋਂ ਅਕਾਲੀ ਦਲ ਕੋਲ 10, ‘ਆਪ’ ਕੋਲ 5, ਕਾਂਗਰਸ ਕੋਲ 2 ਅਤੇ 1 ਆਜ਼ਾਦ ਮੈਂਬਰ ਸੀ। ਇਸ ਤੋਂ ਇਲਾਵਾ ਵਿਧਾਇਕ ਦੀ ਇਕ ਵੋਟ ਵੀ ਪਈ। ਜਾਣਕਾਰੀ ਅਨੁਸਾਰ ਕਾਂਗਰਸ ਦੇ ਦੋਵੇਂ ਮੈਂਬਰਾਂ ਅਤੇ ਵਿਧਾਇਕ ਬਲਕਾਰ ਸਿੱਧੂ ਦੀ ਵੋਟ ‘ਆਪ’ ਦੇ ਹੱਕ ਵਿੱਚ ਗਈ, ਜਿਸ ਨਾਲ ‘ਆਪ’ ਨੂੰ 9 ਵੋਟਾਂ ਮਿਲੀਆਂ, ਪਰ ਇਸ ਦੇ ਬਾਵਜੂਦ ਅਕਾਲੀ ਦਲ ਨੇ 10 ਵੋਟਾਂ ਨਾਲ ਜਿੱਤ ਦਰਜ ਕਰ ਲਈ। ਨਤੀਜੇ ਸਾਹਮਣੇ ਆਉਣ ’ਤੇ ਵਿਧਾਇਕ ਬਲਕਾਰ ਸਿੱਧੂ ਮੀਟਿੰਗ ਵਿਚੋਂ ਉੱਠ ਕੇ ਚਲੇ ਗਏ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਜਿੱਤ ਨੂੰ ਵੱਡੀ ਸਿਆਸੀ ਉਪਲੱਬਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਹੁਦਿਆਂ ਦੀ ਜਿੱਤ ਨਹੀਂ, ਸਗੋਂ ਲੋਕਾਂ ਦਾ ਅਕਾਲੀ ਦਲ ਦੇ ਹੱਕ ਵਿੱਚ ਫ਼ੈਸਲਾ ਹੈ ਅਤੇ 2027 ਦੀਆਂ ਚੋਣਾਂ ਦਾ ਟ੍ਰੇਲਰ ਵੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਾਰਾਜ਼ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਅਸਰ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲੇਗਾ।

ਇਹ ਚੋਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਅਤੇ ਹਾਈਕੋਰਟ ਵੱਲੋਂ ਨਿਯੁਕਤ ਅਬਜ਼ਰਵਰ ਦੀ ਦੇਖ-ਰੇਖ ਵਿੱਚ ਕਰਵਾਈ ਗਈ। ਇਸ ਤੋਂ ਪਹਿਲਾਂ ਦੋ ਵਾਰ ਚੋਣ ਮੁਲਤਵੀ ਹੋ ਚੁੱਕੀ ਸੀ, ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਨਵੀਂ ਚੋਣ ਪ੍ਰਕਿਰਿਆ ਨੂੰ ਨਿਰਪੱਖ ਢੰਗ ਨਾਲ ਕਰਵਾਇਆ ਗਿਆ, ਜਿਸ ਵਿੱਚ ਅਕਾਲੀ ਦਲ ਨੇ ਆਪਣੀ ਪੋਜ਼ੀਸ਼ਨ ਮਜ਼ਬੂਤ ਕਰ ਲਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande