
ਮੋਹਾਲੀ , 02 ਅਪ੍ਰੈਲ (ਹਿੰ.ਸ.)| ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਰਿਅਲ ਐਸਟੇਟ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬਲ ਦਾ ਛੋਟਾ ਭਰਾ ਦੱਸਿਆ ਅਤੇ ਕਾਰੋਬਾਰੀ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ। ਬਲਟਾਣਾ ਦੇ ਰਹਿਣ ਵਾਲੇ ਮਨਮੋਹਨ ਸਿੰਘ ਉਰਫ਼ ਸੋਨੂ (34) ਨੇ ਪੁਲਿਸ ਨੂੰ ਦੱਸਿਆ ਕਿ 26 ਮਾਰਚ ਸ਼ਾਮ ਕਰੀਬ 6:15 ਵਜੇ ਉਸਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਕਾਲ ਆਈ। ਕਾਲਰ ਨੇ ਪੰਜਾਬੀ ਵਿੱਚ ਗੱਲ ਕਰਦੇ ਹੋਏ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ‘ਤੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ।
ਪੀੜਤ ਮੁਤਾਬਕ 28 ਮਾਰਚ ਨੂੰ ਦੁਬਾਰਾ ਕਾਲ ਆਈ, ਜਿਸ ਵਿੱਚ ਦੋਸ਼ੀ ਨੇ ਆਪਣੇ ਆਪ ਨੂੰ ਡੋਨੀ ਬਲ ਦਾ ਭਰਾ ਦੱਸਿਆ। ਉਸ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਕਤਲ ਦਾ ਹਵਾਲਾ ਦੇ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਕਾਰੋਬਾਰੀ ਦਾ ਘਰ, ਦਫ਼ਤਰ ਅਤੇ ਗੱਡੀਆਂ ਗੈਂਗ ਦੀ ਨਿਗਰਾਨੀ ਹੇਠ ਹਨ। ਪੁਲਿਸ ਨੇ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(2) ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅੱਜ ਜਾਂਚ ਸਾਇਬਰ ਕਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH