
ਜਲੰਧਰ , 02 ਅਪ੍ਰੈਲ (ਹਿੰ.ਸ.)| ਜਲੰਧਰ ਵਿੱਚ ਗਾਮਾ ਫਿਟਨੈੱਸ ਜਿਮ ਤੋਂ ਘਰ ਵਾਪਸ ਆ ਰਹੀ ਕੁੜੀ ਨਾਲ ਕੁਝ ਨੌਜਵਾਨਾਂ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਮ ਤੋਂ ਬਾਹਰ ਨਿਕਲਦੇ ਹੀ 3-4 ਨਸ਼ੇ ਵਿੱਚ ਧੁੱਤ ਨੌਜਵਾਨਾਂ ਨੇ ਉਸਨੂੰ ਘੇਰ ਕੇ ਬਦਸਲੂਕੀ ਕੀਤੀ। ਮਿਲੀ ਜਾਣਕਾਰੀ ਅਨੁਸਾਰ, ਕੁੜੀ ਰੋਜ਼ਾਨਾ ਦੀ ਤਰ੍ਹਾਂ ਵਰਕਆਉਟ ਕਰਨ ਤੋਂ ਬਾਅਦ ਆਪਣੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸਨੂੰ ਰੋਕ ਲਿਆ ਅਤੇ ਛੇੜਛਾੜ ਨਾਲ ਨਾਲ ਧੱਕਾ-ਮੁੱਕੀ ਵੀ ਕੀਤੀ, ਜਿਸ ਕਾਰਨ ਉਹ ਸੰਤੁਲਨ ਗੁਆ ਬੈਠੀ ਅਤੇ ਸੜਕ ਕਿਨਾਰੇ ਨਾਲੀ ਕੋਲ ਡਿੱਗ ਪਈ।
ਇਸ ਘਟਨਾ ਵਿੱਚ ਕੁੜੀ ਦੇ ਪੈਰ ਵਿੱਚ ਗੰਭੀਰ ਸੱਟ ਲੱਗੀ ਹੈ, ਉਸਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਨੌਜਵਾਨ ਲੜਕੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ, ਜਦਕਿ ਬਾਕੀ ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਿਮ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਫਰਾਰ ਆਰੋਪੀਆਂ ਦੀ ਪਛਾਣ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH