
ਅੰਮ੍ਰਿਤਸਰ, 02 ਅਪ੍ਰੈਲ (ਹਿੰ.ਸ.)| ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ’ਚ ਕੁਝ ਨਿਹੰਗਾਂ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨਿਹੰਗ ਉਸ ਵਿਅਕਤੀ ਨੂੰ ਝੜਕ ਰਹੇ ਅਤੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਨਿਹੰਗਾਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਰੋਕ ਕੇ ਉਨ੍ਹਾਂ ’ਤੇ 200-200 ਰੁਪਏ ਵਿੱਚ ਕਮਰੇ ਲੈਣ ਲਈ ਦਬਾਅ ਬਣਾ ਰਿਹਾ ਸੀ ਅਤੇ ਉਨ੍ਹਾਂ ਨੂੰ ਤੰਗ ਕਰ ਰਿਹਾ ਸੀ।
ਕਰੀਬ ਇੱਕ ਮਿੰਟ ਦੀ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਨਿਹੰਗ ਆਗੂ ਪਰਮਜੀਤ ਸਿੰਘ ਅਕਾਲੀ ਇਕ ਵਿਅਕਤੀ ਨੂੰ ਰੋਕ ਕੇ ਉਸਨੂੰ ਝਿੜਕ ਦੇ ਹਨ। ਇਸ ਦੌਰਾਨ ਵਿਅਕਤੀ ਹੱਥ ਜੋੜ ਕੇ ਮਾਫ਼ੀ ਮੰਗਦਾ ਹੈ, ਪਰ ਨਿਹੰਗ ਉਸ ਨੂੰ ਥੱਪੜ ਮਾਰਦੇ ਹਨ। ਇਸ ਤੋਂ ਬਾਅਦ ਹੋਰ ਨਿਹੰਗ ਵੀ ਉਸ ਵਿਅਕਤੀ ਨੂੰ ਥੱਪੜ ਅਤੇ ਡੰਡੇ ਨਾਲ ਮਾਰਦੇ ਦਿਖਾਈ ਦਿੰਦੇ ਹਨ। ਡਰ ਦੇ ਮਾਰੇ ਵਿਅਕਤੀ ਨਿਹੰਗਾਂ ਦੇ ਪੈਰੀ ਹੱਥ ਲਾਉਂਦਾ ਹੈ। ਨਿਹੰਗਾਂ ਵੱਲੋਂ ਕਿਹਾ ਜਾਂਦਾ ਸੁਣਾਈ ਦਿੰਦਾ ਹੈ ਕਿ ਜੇ ਲੋਕਾਂ ਨੇ ਕਮਰੇ ਲੈਣੇ ਹਨ ਤਾਂ ਉਹ ਆਪ ਲੈ ਲੈਣਗੇ, ਇਸ ਤਰ੍ਹਾਂ ਸ਼ਰਧਾਲੂਆਂ ਨੂੰ ਤੰਗ ਕਰਨਾ ਗਲਤ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਬਾਗ ਦੀ ਐਸ.ਐਚ.ਓ. ਅਮਨਦੀਪ ਕੌਰ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਨਿਹੰਗਾਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਇਕੱਠੀ ਕੀਤੀ। ਪੁਲਿਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ, ਸਗੋਂ ਸ਼ਰਧਾਲੂਆਂ ਦੀ ਸੁਵਿਧਾ ਅਤੇ ਇਲਾਕੇ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH