ਪੰਜਾਬ ਵਿੱਚ 3-4 ਅਪ੍ਰੈਲ ਨੂੰ ਮੀਂਹ ਤੇ ਗੜ੍ਹੇਮਾਰੀ ਦਾ ਆਰੈਂਜ ਅਲਰਟ
ਤੇਜ਼ ਹਵਾਵਾਂ ਨਾਲ ਮੌਸਮ ਬਦਲੇਗਾ, ਤਾਪਮਾਨ ਵਿੱਚ ਗਿਰਾਵਟ, ਕਿਸਾਨਾਂ ਦੀ ਚਿੰਤਾ ਵਧੀ
ਗੜ੍ਹੇਮਾਰੀ


ਚੰਡੀਗੜ੍ਹ, 02 ਅਪ੍ਰੈਲ (ਹਿੰ.ਸ.)|

ਪੰਜਾਬ ਵਿੱਚ ਮੌਸਮ ਵਿਭਾਗ ਮੁਤਾਬਕ 3 ਅਤੇ 4 ਅਪ੍ਰੈਲ ਨੂੰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਨਾਲ ਹੀ ਮੀਂਹ ਅਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਲਈ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਵੀ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।

ਪਿਛਲੇ 24 ਘੰਟਿਆਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 1.9 ਡਿਗਰੀ ਦੀ ਕਮੀ ਆਈ ਹੈ। ਨਿਊਨਤਮ ਤਾਪਮਾਨ ਵਿੱਚ ਵੀ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਵਿੱਚ 21.2 ਮਿ.ਮੀ., ਫਿਰੋਜ਼ਪੁਰ ਵਿੱਚ 16.5 ਮਿ.ਮੀ., ਸੰਗਰੂਰ ਵਿੱਚ 9.5 ਮਿ.ਮੀ., ਪਟਿਆਲਾ ਵਿੱਚ 9.2 ਮਿ.ਮੀ., ਲੁਧਿਆਣਾ ਵਿੱਚ 4.6 ਮਿ.ਮੀ., ਫਰੀਦਕੋਟ ਵਿੱਚ 4.5 ਮਿ.ਮੀ. ਅਤੇ ਫਾਜ਼ਿਲਕਾ ਵਿੱਚ 2.0 ਮਿ.ਮੀ. ਮੀਂਹ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਸਭ ਤੋਂ ਵੱਧ 32 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 14.6 ਡਿਗਰੀ ਸੈਲਸੀਅਸ ਰਿਹਾ। ਹੋਰ ਸ਼ਹਿਰਾਂ ਵਿੱਚ ਵੀ ਤਾਪਮਾਨ ਆਮ ਦੇ ਨੇੜੇ ਦਰਜ ਕੀਤਾ ਗਿਆ।

ਕਿਸਾਨਾਂ ਦੀ ਵਧੀ ਚਿੰਤਾ

ਮੌਸਮ ਵਿੱਚ ਆਏ ਅਚਾਨਕ ਬਦਲਾਅ ਨੇ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਕਾਫ਼ੀ ਵਧਾ ਦਿੱਤੀ ਹੈ। ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਣ ਦਾ ਡਰ ਹੈ। ਖਾਸ ਕਰਕੇ ਕਣਕ ਦੀ ਫਸਲ, ਜੋ ਇਸ ਸਮੇਂ ਕਟਾਈ ਦੇ ਨੇੜੇ ਹੈ, ਤੇਜ਼ ਹਵਾਵਾਂ ਕਾਰਨ ਡਿੱਗ ਸਕਦੀ ਹੈ, ਜਿਸ ਨਾਲ ਉਤਪਾਦਨ ’ਤੇ ਅਸਰ ਪੈ ਸਕਦਾ ਹੈ। ਕਈ ਇਲਾਕਿਆਂ ਵਿੱਚ ਪਹਿਲਾਂ ਪਏ ਮੀਂਹ ਨੇ ਖੇਤਾਂ ਵਿੱਚ ਨਮੀ ਵਧ ਗਈ ਹੈ ਅਤੇ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਇਹ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਲਗਾਤਾਰ ਮੌਸਮੀ ਤਬਦੀਲੀਆਂ ਨਾਲ ਫਸਲ ਦੀ ਗੁਣਵੱਤਾ ’ਤੇ ਵੀ ਅਸਰ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਫਸਲਾਂ ਦੀ ਸੰਭਾਲ ਲਈ ਜ਼ਰੂਰੀ ਕਦਮ ਚੁੱਕਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande