
ਤਲਵਾੜਾ, 02 ਅਪ੍ਰੈਲ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਤਲਵਾੜਾ ਵਿਖੇ 5 ਅਪ੍ਰੈਲ 2026 ਨੂੰ ਸਲਾਨਾ ਰੈਡ ਕ੍ਰਾਸ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ਦੀਪਤੀ ਤ੍ਰਿਪਾਠੀ ਅਤੇ ਇੰਜਨੀਅਰ ਮਨੋਜ ਤ੍ਰਿਪਾਠੀ, ਚੇਅਰਮੈਨ ਬੀਬੀਐਮਬੀ ਵੱਲੋਂ ਕੀਤਾ ਜਾਵੇਗਾ।
ਇਹ ਮੇਲਾ ਬੀਬੀਐਮਬੀ ਟਾਉਨਸ਼ਿਪ ਵਿਚ ਨਰਸਰੀ ਗਰਾਉਂਡ ਵਿਚ ਲੱਗੇਗਾ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਮੇਲੇ ਵਿਚ ਸ਼ਿਰਕਤ ਕਰਨ ਦਾ ਹਾਰਦਿਕ ਸੱਦਾ ਦਿੱਤਾ ਹੈ।
ਇਸ ਸਬੰਧੀ ਬੀਬੀਐਮਬੀ ਰੈਡਕ੍ਰਾਸ ਸੰਸਥਾ ਦੇ ਚੇਅਰਪਰਸਨ ਸੀਮਾ ਗੁਪਤਾ ਨੇ ਦੱਸਿਆ ਕਿ ਇਸ ਮੇਲੇ ਤੋਂ ਜੋ ਆਮਦਨ ਹੁੰਦੀ ਹੈ ਉਸਨੂੰ ਗਰੀਬ, ਬੇਸਹਾਰਾ, ਲੋੜਵੰਦ ਅਤੇ ਮਰੀਜਾਂ ਦੀ ਮਦਦ ਲਈ ਵਰਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਸਮਾਜ ਭਲਾਈ ਦੇ ਅਨੇਕ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਵਿਚ ਐਲਈਡੀ ਸਮਾਰਟ ਟੀਵੀ, ਰੈਫਰੀਜਰੇਟਰ, ਟੈਬ, ਸਾਈਕਲ, ਮੁਬਾਇਲ ਫੋਨ, ਮਾਇਕ੍ਰੋਵੇਵ ਓਵਨ, ਸਮਾਰਟ ਵਾਚ, ਸਮਾਰਟ ਬੈਂਡ, ਬਲਿਊ ਟੂੱਥ ਸਪੀਕਰ, ਇਲੈਕਟ੍ਰਿਕ ਚੌਪਰ ਵਰਗੇ ਹੋਰ ਅਨੇਕਾਂ ਇਨਾਮ ਲੱਕੀ ਡ੍ਰਾਅ ਰਾਹੀਂ ਕੱਢੇ ਜਾਣਗੇ।
ਬੀਬੀਐਮਬੀ ਰੈਡਕ੍ਰਾਸ ਸੰਸਥਾ ਦੇ ਸਕੱਤਰ ਡਿੰਪਲ ਨੇ ਦੱਸਿਆ ਕਿ ਮੇਲੇ ਦੌਰਾਨ ਭਾਰਤ ਦੇ ਵੱਖ ਵੱਖ ਖਾਣਿਆਂ ਦੇ ਸਟਾਲਾਂ ਤੋਂ ਇਲਾਵਾ ਸਿਲਾਈ ਕਢਾਈ ਤੇ ਬੁਣਾਈ ਦੇ ਸਟਾਲ ਅਤੇ ਸਿਹਤ ਦੇਖ ਭਾਲ ਸਬੰਧੀ ਸਟਾਲ ਵਿਸੇਸ਼ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਤੇਜ਼ੀਨਾਲ ਜਾਰੀ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ