ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡਾਂ ਦੀ ਸ਼ੁਰੂਆਤ, 1.5 ਕਰੋੜ ਲਾਭਪਾਤਰੀਆਂ ਨੂੰ ਮਿਲੇਗੀ ਰਾਹਤ
ਚੰਡੀਗੜ੍ਹ, 02 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਸਰਕਾਰ ਅਗਲੇ 2 ਤੋਂ 3 ਦਿਨਾਂ ਵਿੱਚ ਚਰਨਬੱਧ ਢੰਗ ਨਾਲ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਨਾਲ ਸੂਬੇ ਦੇ ਕਰੀਬ 39 ਲੱਖ ਰਾਸ਼ਨ ਕਾ
ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡਾਂ ਦੀ ਸ਼ੁਰੂਆਤ, 1.5 ਕਰੋੜ ਲਾਭਪਾਤਰੀਆਂ ਨੂੰ ਮਿਲੇਗੀ ਰਾਹਤ


ਚੰਡੀਗੜ੍ਹ, 02 ਅਪ੍ਰੈਲ (ਹਿੰ.ਸ.)|

ਪੰਜਾਬ ਸਰਕਾਰ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਸਰਕਾਰ ਅਗਲੇ 2 ਤੋਂ 3 ਦਿਨਾਂ ਵਿੱਚ ਚਰਨਬੱਧ ਢੰਗ ਨਾਲ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਨਾਲ ਸੂਬੇ ਦੇ ਕਰੀਬ 39 ਲੱਖ ਰਾਸ਼ਨ ਕਾਰਡਾਂ ਨਾਲ ਜੁੜੇ ਲਗਭਗ 1.5 ਕਰੋੜ ਲਾਭਪਾਤਰੀਆਂ ਨੂੰ ਸਿੱਧਾ ਫ਼ਾਇਦਾ ਹੋਵੇਗਾ।

ਇਹ ਫੈਸਲਾ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕਈ ਲਾਭਪਾਤਰੀਆਂ ਨੂੰ ਬਾਇਓਮੈਟਰਿਕ ਵੇਰੀਫਿਕੇਸ਼ਨ ਅਤੇ ਈ-ਕੇਵਾਈਸੀ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਖਾਸ ਕਰਕੇ ਬਜ਼ੁਰਗਾਂ ਦੇ ਘਿਸੇ ਹੋਏ ਅੰਗੂਠੇ ਦੇ ਨਿਸ਼ਾਨ, ਫਿੰਗਰਪ੍ਰਿੰਟ ਨਾ ਮਿਲਣ ਅਤੇ ਈ-ਪੋਸ ਮਸ਼ੀਨਾਂ ਦੀਆਂ ਤਕਨੀਕੀ ਖਾਮੀਆਂ ਕਾਰਨ ਕਈ ਪਰਿਵਾਰ ਰਾਸ਼ਨ ਤੋਂ ਵਾਂਝੇ ਰਹਿ ਜਾਂਦੇ ਸਨ। ਨਵੇਂ ਸਮਾਰਟ ਕਾਰਡਾਂ ਨਾਲ ਲਾਭਪਾਤਰੀਆਂ ਨੂੰ ਇੱਕ ਵੈਧ ਪਛਾਣ ਪ੍ਰਣਾਲੀ ਮਿਲੇਗੀ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਯੋਗ ਪਰਿਵਾਰ ਸਿਰਫ਼ ਬਾਇਓਮੈਟਰਿਕ ਫੇਲ ਹੋਣ ਕਾਰਨ ਰਾਸ਼ਨ ਤੋਂ ਵਾਂਝਾ ਨਾ ਰਹੇ।

ਲੁਧਿਆਣਾ ਵੈਸਟ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਹ ਸਮਾਰਟ ਕਾਰਡ ਤਿਆਰ ਹਨ ਅਤੇ ਡਿਪੋ ਹੋਲਡਰਾਂ ਰਾਹੀਂ ਹੌਲੀ-ਹੌਲੀ ਲਾਭਪਾਤਰੀਆਂ ਤੱਕ ਪਹੁੰਚਾਏ ਜਾਣਗੇ। ਇਸ ਨਾਲ ਰਾਸ਼ਨ ਡਿਪੋ ’ਤੇ ਪਛਾਣ ਦੀ ਪ੍ਰਕਿਰਿਆ ਹੋਰ ਆਸਾਨ ਹੋ ਜਾਵੇਗੀ। ਸਮਾਰਟ ਕਾਰਡਾਂ ਵਿੱਚ ਲਾਭਪਾਤਰੀ ਦੀ ਜ਼ਰੂਰੀ ਜਾਣਕਾਰੀ ਜਿਵੇਂ ਕਿ ਰਾਸ਼ਨ ਕਾਰਡ ਨੰਬਰ, ਸ਼੍ਰੇਣੀ, ਪਰਿਵਾਰ ਮੁਖੀ ਦੇ ਵੇਰਵੇ ਅਤੇ ਜਾਰੀ ਕਰਨ ਸੰਬੰਧੀ ਡਾਟਾ ਸ਼ਾਮਲ ਹੋਵੇਗਾ। ਇਸ ਨਾਲ ਗੇਂਹੂਂ ਵੰਡ ਦੌਰਾਨ ਤੇਜ਼ ਅਤੇ ਭਰੋਸੇਯੋਗ ਪਛਾਣ ਯਕੀਨੀ ਬਣੇਗੀ।

ਇਸ ਯੋਜਨਾ ਨਾਲ ਖਾਸ ਕਰਕੇ ਬਜ਼ੁਰਗਾਂ, ਮਜ਼ਦੂਰਾਂ ਅਤੇ ਉਹਨਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ, ਜੋ ਬਾਰ-ਬਾਰ ਈ-ਕੇਵਾਈਸੀ ਵਿੱਚ ਫੇਲ ਹੋਣ ਜਾਂ ਬਾਇਓਮੈਟਰਿਕ ਗੜਬੜ ਕਾਰਨ ਰਾਸ਼ਨ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande