
ਤਰਨ ਤਾਰਨ, 02 ਅਪ੍ਰੈਲ (ਹਿੰ.ਸ.)। ਡਾਇਰੈਕਟਰ ਖੇਡਾਂ ਪੰਜਾਬ ਵੱਲੋਂ ਸਾਲ 2026-27 ਸੈਸ਼ਨ ਦੇ ਡੇ-ਸਕਾਲਰ ਵਿੰਗਾਂ ਦੇ ਟ੍ਰਾਇਲ ਲੈਣ ਦੇ ਹੁਕਮ ਜਾਰੀ ਹੋਏ ਹਨ। ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਗੇਮਾਂ ਦੇ ਡੇ-ਸਕਾਲਰ ਵਿੰਗਾਂ ਦੇ ਟ੍ਰਾਇਲ ਲਏ ਜਾਣਗੇ, ਜਿਨ੍ਹਾਂ ਵਿਚ ਅੰਡਰ 14, ਅੰਡਰ 17, ਅੰਡਰ 19 ਸਾਲ ਦੇ ਲੜਕੇ ਤੇ ਲੜਕੀਆਂ ਦੇ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਗੇਮਾਂ ਦੇ ਟ੍ਰਾਇਲ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਮਿਤੀ 4 ਅਪ੍ਰੈਲ 2026 ਨੂੰ ਇੰਡੋਰ ਹਾਲ ਵਿਚ ਗੇਮ ਜੂਡੋ, ਫੈਂਸਿੰਗ, ਕੁਸ਼ਤੀ ਦੇ ਟ੍ਰਾਇਲ ਲਏ ਜਾਣਗੇ, ਜਿਸ ਵਿਚ ਖਿਡਾਰੀ ਦੀ ਜਨਮ ਮਿਤੀ ਅੰਡਰ 14, 01 ਜਨਵਰੀ 2013, ਅੰਡਰ 17, 01 ਜਨਵਰੀ 2010, ਅੰਡਰ 19 , 01 ਜਨਵਰੀ 2008, ਸਾਲ ਦੇ ਲੜਕੇ ਅਤੇ ਲੜਕੀਆਂ ਟ੍ਰਾਇਲ ਵਿਚ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਿਤੀ 6 ਅਪ੍ਰੈਲ 2026 ਨੂੰ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਕਬੱਡੀ, ਨੈੱਟਬਾਲ, ਬਾਕਸਿੰਗ ਅਤੇ ਹਾਕੀ ਦੇ ਟ੍ਰਾਇਲ ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿੱਚ ਲਏ ਜਾਣਗੇ। ਉਨ੍ਹਾਂ ਕਿਹਾ ਕਿ ਖਿਡਾਰੀ ਟ੍ਰਾਇਲ ਵਾਲੇ ਸਥਾਨ 'ਤੇ ਸਵੇਰੇ 8 ਵਜੇ ਪਹੁੰਚ ਕੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਗੇ ਅਤੇ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ /ਖਿਡਾਰਨਾਂ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਤੇ ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਵੀ ਟੀ .ਏ/ਡੀ .ਏ ਨਹੀਂ ਦਿੱਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ