
ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਵੱਲੋਂ ਗੰਨਾ ਕਾਸ਼ਤਕਾਰਾਂ ਦਾ ਆਨਲਾਈਨ ਵੈਬੀਨਾਰ
ਚੰਡੀਗੜ੍ਹ, 20 ਅਪ੍ਰੈਲ (ਹਿੰ.ਸ.)| ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨਾਲ ਨਵੀਨਤਮ ਕਾਸ਼ਤਕਾਰੀ ਤਕਨੀਕਾਂ ,ਕੀੜਿਆਂ ਅਤੇ ਬਿਮਾਰੀਆਂ ਸਬੰਧੀ ਤਕਨੀਕੀ ਜਾਣਕਾਰੀ ਸਾਂਝਿਆਂ ਕਰਨ ਦੇ ਉਦੇਸ਼ ਨਾਲ ਦਫਤਰ ਗੰਨਾ ਕਮਿਸ਼ਨਰ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਆਨਲਾਈਨ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ 200 ਤੋਂ ਵੱਧ ਗੰਨਾ ਅਧਿਕਾਰੀ ਅਤੇ ਗੰਨਾ ਕਾਸ਼ਤਕਾਰ ਸ਼ਾਮਿਲ ਹੋਏ। ਇਸ ਵੈਬੀਨਾਰ ਦੀ ਪ੍ਰਧਾਨਗੀ ਡਾ.ਅਮਰੀਕ ਸਿੰਘ ਗੰਨਾ ਕਮਿਸ਼ਨਰ ਪੰਜਾਬ ਨੇ ਕੀਤੀ। ਇਸ ਵੈਬੀਨਾਰ ਦੌਰਾਨ ਖੇਤਰੀ ਖੋਜ ਕੇਂਦਰ,ਪੀ ਏ ਯੂ ਕਪੂਰਥਲਾ ਤੋਂ ਡਾ. ਰਾਜਿੰਦਰ ਕੁਮਾਰ ਕੀਟ ਵਿਗਿਆਨੀ ਨੇ ਗਰਮੀ ਰੁੱਤੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫਸਲ ਨਾਲ ਸੰਬੰਧਤ ਸੰਭਾਵਤ ਕੀੜਿਆਂ ਅਤੇ ਬਿਮਾਰੀਆਂ ਅਤੇ ਰੋਕਥਾਮ ਅਤੇ ਹੋਰ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਦੇ ਸੁਆਲਾ ਦੇ ਜੁਆਬ ਦਿੱਤੇ।
ਵੈਬੀਨਾਰ ਦਾ ਸੰਚਾਲਨ ਡਾ. ਸਵਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਮੁੱਖ ਦਫ਼ਤਰ) ਨੇ ਕੀਤਾ। ਅਗਾਂਹਵਧੂ ਗੰਨਾ ਕਾਸ਼ਤਕਾਰਾਂ ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਵੈਬੀਨਾਰ ਦੌਰਾਨ ਡਾ. ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ(ਗੰਨਾ) ਸਮੂਹ ਸਹਾਇਕ ਗੰਨਾ ਵਿਕਾਸ ਅਫ਼ਸਰ, ਡਾ.ਕ੍ਰਿਤਿਕਾ ਚਾਵਲਾ ਖੇਤੀਬਾੜੀ ਵਿਕਾਸ ਅਫਸਰ(ਗੰਨਾ), ਮਿੱਲ ਦਾ ਫੀਲਡ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਗੰਨਾ ਕਾਸ਼ਤਕਾਰ ਸ਼ਾਮਿਲ ਹੋਏ।
ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਿੱਚ ਵਾਧਾ ਕਾਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆ ਸਿਫਾਰਸ਼ਾਂ ਅਨੁਸਾਰ ਗੰਨੇ ਦੀ ਕਾਸ਼ਤ ਕੀਤੀ ਜਾਵੇ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਕਿ ਗੰਨੇ ਦੀ ਖੇਤੀ ਨਾਲ ਸੰਬੰਧਤ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੌਰਾਨ ਕਈ ਤਰ੍ਹਾਂ ਦੇ ਕੀੜੇ ਅਤੇ ਬਿਮਾਰੀਆਂ ਗੰਨੇ ਦੀ ਫ਼ਸਲ ਨੂੰ ਪ੍ਰਭਾਵਤ ਕਰਦੀਆਂ ਹਨ, ਜਿਨ੍ਹਾਂ ਪ੍ਰਤੀ ਗੰਨਾ ਕਾਸ਼ਤ ਕਾਰਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
ਉਨਾਂ ਦੱਸਿਆ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਆਮਦਨ ਵਧਾਉਣ ਲਈ ਅੰਤਰ ਫਸਲਾਂ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਗੰਨਾ ਕਾਸ਼ਤਕਾਰਾਂ ਦੀ ਗੰਨੇ ਦੀ ਬਹੁਤਾਤ ਵਾਲੇ ਪਿੰਡਾਂ ਨੂੰ ਨਿਰੰਤਰ ਬਿਜਲੀ ਸਪਲਾਈ ਕਰਨ ਦੀ ਮੰਗ ਬਾਰੇ ਦੱਸਿਆ ਕਿ ਚੇਅਰਮੈਨ ਪੀ ਐਸ ਪੀ ਸੀ ਐਲ ਨੂੰ ਗੰਨੇ ਦੀ ਬਹੁਤਾਤ ਕਾਸ਼ਤ ਵਾਲੇ ਪਿੰਡਾਂ ਨੂੰ ਗਰਮੀ ਦੀ ਰੁੱਤੇ ਪਾਣੀ ਲਗਾਉਣ ਲਈ ਵਧੇਰੇ ਬਿਜਲੀ ਦੀ ਸਪਲਾਈ ਦੇਣ ਲਈ ਲਿਖਿਆ ਗਿਆ ਹੈ ਅਤੇ ਗੰਨੇ ਦੀ ਅਦਾਇਗੀ ਲਈ ਪੰਜਾਬ ਸਰਕਾਰ ਵਲੋਂ ਬਜਟ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਗੰਨਾ ਕਾਸ਼ਤ ਨਾਲ ਸੰਬੰਧਤ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਲਈ ਸੀ ਡੀ ਪੀ ਸਕੀਮ ਤਹਿਤ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।
ਗੰਨਾ ਕਾਸ਼ਤਕਾਰ ਜੰਗਵੀਰ ਸਿੰਘ ਚੌਹਾਨ, ਮਹਿਤਾਬ ਸਿੰਘ, ਪਵਿੱਤਰ ਸਿੰਘ ਧੁੱਗਾ ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਅਤੇ ਸਮੇਂ ਸਿਰ ਗੰਨੇ ਦੀ ਅਦਾਇਗੀ ਕਰਨ ਦੀ ਜ਼ਰੂਰਤ ਹੈ।ਉਨਾਂ ਦਫਤਰ ਕੇਨ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਕਰਵਾਏ ਗਏ ਆਨਲਾਈਨ ਵੈਬੀਨਾਰ ਲਈ ਸ਼ਲਾਘਾ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH