
ਚੰਡੀਗੜ੍ਹ, 23 ਅਪ੍ਰੈਲ (ਹਿੰ.ਸ.)| ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਅਤੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਤਿੰਨ ਅਹਿਮ ਵਿਭਾਗਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸਿੰਚਾਈ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਹੜ੍ਹ ਰੋਕੂ ਕਾਰਜ ਛੇਤੀ ਮੁਕੰਮਲ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬ ਸਿਵਲ ਸਕੱਤਰੇਤ ਵਿਖੇ ਖਣਨ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਮੰਤਰੀ ਨੇ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਫ਼ਲਾਇੰਗ ਸਕੁਐਡ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਵੱਧ ਤੋਂ ਵੱਧ ਵਪਾਰਕ ਮਾਈਨਿੰਗ ਸਾਈਟਾਂ ਚਾਲੂ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਰੇਤ-ਬਜਰੀ ਦੀ ਸਪਲਾਈ ਵਿੱਚ ਸੁਧਾਰ ਆਵੇਗਾ ਅਤੇ ਪਾਰਦਰਸ਼ਤਾ ਯਕੀਨੀ ਬਣੇਗੀ। ਉਨ੍ਹਾਂ ਨੇ ਨਿਗਰਾਨੀ ਲਈ ਆਧੁਨਿਕ ਸਾਫਟਵੇਅਰ ਦੇ ਇਸਤੇਮਾਲ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਜਲ ਸਰੋਤ ਵਿਭਾਗ ਦੀ ਸਮੀਖਿਆ ਦੌਰਾਨ ਮੰਤਰੀ ਨੇ ਹਦਾਇਤ ਕੀਤੀ ਕਿ ਸਾਰੇ ਹੜ੍ਹ ਰੋਕਥਾਮ ਕਾਰਜ 30 ਜੂਨ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ। ਉਨ੍ਹਾਂ ਨਹਿਰੀ ਪਾਣੀ ਅਧੀਨ ਸਿੰਚਾਈ ਖੇਤਰ ਦੇ ਮੌਜੂਦਾ 78 ਫੀਸਦੀ ਘੇਰੇ ਨੂੰ ਹੋਰ ਵਧਾਉਣ ‘ਤੇ ਵੀ ਜ਼ੋਰ ਦਿੱਤਾ, ਤਾਂ ਜੋ ਭੂਮੀਗਤ ਪਾਣੀ ‘ਤੇ ਨਿਰਭਰਤਾ ਘਟ ਸਕੇ। ਖੇਤੀਬਾੜੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ।
ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਤੱਕ 5253 ਕਿਲੋਮੀਟਰ ਸਿੰਚਾਈ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ, ਜਿਸ ਨਾਲ 1.61 ਲੱਖ ਏਕੜ ਤੋਂ ਵੱਧ ਜ਼ਮੀਨ ਨੂੰ ਲਾਭ ਮਿਲਿਆ ਹੈ। ਮੰਤਰੀ ਨੇ ਦੱਸਿਆ ਕਿ ਪਿੰਡਾਂ ਦੇ ਛੱਪੜਾਂ ਦੀ ਵਰਤੋਂ ਕਰਕੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸਿੰਚਾਈ ਪ੍ਰਾਜੈਕਟ, ਕੰਢੀ ਖੇਤਰ ਵਿੱਚ ਚੈੱਕ ਡੈਮਾਂ ਦੀ ਉਸਾਰੀ ਅਤੇ ਫਾਜ਼ਿਲਕਾ ਦੇ 29 ਪਿੰਡਾਂ ਵਿੱਚ ਸੇਮਗ੍ਰਸਤ ਜ਼ਮੀਨਾਂ ਦੀ ਮੁੜ ਪ੍ਰਾਪਤੀ ਵਰਗੀਆਂ ਯੋਜਨਾਵਾਂ ਚੱਲ ਰਹੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ 250 ਤੋਂ ਵੱਧ ਪਿੰਡਾਂ ਵਿੱਚ ਸੂਰਜੀ ਸਿੰਚਾਈ ਪ੍ਰਾਜੈਕਟ ਲਗਾਏ ਜਾ ਚੁੱਕੇ ਹਨ, ਜਿਸ ਨਾਲ ਕਰੀਬ 10,500 ਏਕੜ ਜ਼ਮੀਨ ਨੂੰ ਫਾਇਦਾ ਹੋ ਰਿਹਾ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਉਤਪਾਦਨ ਵਧਾਉਣ ਅਤੇ ਪਾਣੀ ਦੇ ਸੰਭਾਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH