
ਤਰਨ ਤਾਰਨ, 23 ਅਪ੍ਰੈਲ (ਹਿੰ.ਸ.)| ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ 24 ਅਪ੍ਰੈਲ ਤੋ 30 ਅਪ੍ਰੈਲ 2026 ਤੱਕ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਵੀ ਲੋਕਾਂ ਨੂੰ ਟੀਕਾਕਰਨ ਬਾਰੇ ਪ੍ਰੇਰਿਤ ਕਰਨਗੇ। ਡਾ. ਰਾਏ ਵੱਲੋ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹ ਸਾਰੀਆ ਗਤੀਵਿਧੀਆਂ ਸੁਚੱਜੇ ਢੰਗ ਨਾਲ ਕਰਵਾਈਆਂ ਜਾਣ ਅਤੇ ਸਬੰਧਿਤ ਰਿਪੋਰਟਾਂ ਸਮੇ ਸਿਰ ਜ਼ਿਲ੍ਹਾ ਹੈੱਡਕੁਆਟਰ 'ਤੇ ਭੇਜਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਿਹਤ ਵਿਭਾਗ ਦਾ ਸਹਿਯੋਗ ਦੇਣ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਦਾ ਮੁੱਖ ਮੰਤਵ ਆਮ ਲੋਕਾ ਨੂੰ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਟੀਕਿਆਂ ਰਾਹੀ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋ ਬਚਾਅ ਲਈ ਸਮੂਹਿਕ ਯਤਨਾਂ ਨੂੰ ਤੇਜ਼ ਕਰਨਾ ਹੈ। ਉਨਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਉੱਚ ਜ਼ੋਖਮ ਵਾਲੇ ਸਾਰੇ ਖੇਤਰਾ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਜਾਗਰੂਕਤਾ ਸਰਗਰਮੀਆ ਕੀਤੀਆਂ ਜਾਣਗੀਆਂ। ਇਨ੍ਹਾਂ ਕੈਂਪਾਂ ਜ਼ਰੀਏ ਵਿਸ਼ੇਸ਼ ਤੌਰ 'ਤੇ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਝੁੱਗੀਆਂ, ਬਸਤੀਆਂ, ਸਲੱਮ ਏਰੀਏ ਅਤੇ ਭੱਠੇ ਆਦਿ ਵਿਚ ਰਹਿਣ ਵਾਲੀਆਂ ਗਰਭਵਤੀ ਅੋਰਤਾਂ ਅਤੇ ਛੋਟੇ ਬੱਚਿਆਂ ਦਾ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇਗਾ। ਡਾ. ਵਰਿੰਦਰਪਾਲ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰੀ ਖੇਤਰਾਂ ਅਤੇ ਪ੍ਰਵਾਸੀ ਅਬਾਦੀ ਵਾਲੇ ਇਲਾਕਿਆਂ ਵਿਚ ਟੀਕਾਕਰਨ ਕਵਰੇਜ ਵਧਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਔਰਤ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਸਬੰਧੀ ਜ਼ਾਗਰੂਕਤਾ ਵਧਾਉਣ ਲਈ ਆਈ.ਈ.ਸੀ ਗਤੀਵਿਧੀਆਂ ਰਾਂਹੀ ਗੁਰਦੁਆਰਿਆਂ/ਮੰਦਰਾਂ ਵਿਚ ਅਨਾਊਂਸਮੈਂਟਾਂ ਕਰਵਾਈਆਂ ਜਾਣ, ਤੋ ਜੋ ਆਮ ਲੋਕਾਂ ਨੂੰ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਸਬੰਧੀ ਜਾਗਰੂਕ ਕੀਤਾ ਜਾ ਸਕੇ ।
ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਰਣਦੀਪ ਸਿੰਘ , ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਕੌਰ ਅਤੇ ਐਲ.ਐਚ.ਵੀ ਰਜਵੰਤ ਕੌਰ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH