
ਚੰਡੀਗੜ੍ਹ, 24 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਵਿੱਚ ਪੈਦਾ ਹੋਏ ਭਿਆਨਕ ਬਿਜਲੀ ਸੰਕਟ ਅਤੇ ਸੰਭਾਵਿਤ 'ਬਲੈਕ ਆਊਟ' ਦੀਆਂ ਖ਼ਬਰਾਂ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਮੌਜੂਦਾ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਅੱਜ ਇੱਕ ਅਜਿਹੇ ਮੋੜ 'ਤੇ ਖੜ੍ਹਾ ਹੈ ਜਿੱਥੇ ਸਰਕਾਰੀ ਨਾਕਾਮੀ ਕਾਰਨ ਸੂਬੇ ਦਾ ਭਵਿੱਖ 'ਹਨੇਰੇ' ਵਿੱਚ ਨਜ਼ਰ ਆ ਰਿਹਾ ਹੈ।
ਡਾ. ਕਰੀਮਪੁਰੀ ਨੇ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਦਿੱਲੀ ਮਾਡਲ ਦੇ ਨਾਂ 'ਤੇ ਪੰਜਾਬ ਨੂੰ ਚਮਕਾਉਣ ਦੇ ਦਾਅਵੇ ਕਰਦੇ ਸਨ, ਅੱਜ ਉਨ੍ਹਾਂ ਦੀ ਬਦੌਲਤ ਪੰਜਾਬ ਦੇ ਘਰਾਂ, ਖੇਤਾਂ ਅਤੇ ਫੈਕਟਰੀਆਂ ਵਿੱਚ ਬੱਤੀ ਗੁੱਲ ਹੋਣ ਕਿਨਾਰੇ ਹੈ। ਸਿਰਫ਼ ਸਸਤੀ ਸ਼ੋਹਰਤ ਅਤੇ ਇਸ਼ਤਿਹਾਰਾਂ ਲਈ ਪੰਜਾਬ ਦੇ ਬਿਜਲੀ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ ਹੈ। ਕੀ ਇਹੋ ਉਹ 'ਬਦਲਾਅ' ਹੈ ਜਿਸ ਦਾ ਖਾਬ ਪੰਜਾਬੀਆਂ ਨੂੰ ਦਿਖਾਇਆ ਗਿਆ ਸੀ?
ਪੰਜਾਬੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਗੱਲ ਸਿਰਫ਼ ਬਿਜਲੀ ਦੀ ਨਹੀਂ, ਸਗੋਂ ਪੰਜਾਬ ਦੀ ਹੋਂਦ ਬਚਾਉਣ ਦੀ ਹੈ। ਬਿਜਲੀ ਖਰੀਦਣ ਲਈ ਪੈਸੇ ਨਹੀਂ ਹਨ ਅਤੇ ਕੋਲੇ ਦੇ ਭੰਡਾਰ ਖਾਲੀ ਹਨ। ਇਹ ਸਰਕਾਰ ਦੀ ਪ੍ਰਬੰਧਕੀ ਮੌਤ ਹੈ। ਮੈਂ ਪੰਜਾਬ ਦੇ ਹਰ ਸੂਝਵਾਨ ਨਾਗਰਿਕ ਨੂੰ ਅਪੀਲ ਕਰਦਾ ਹਾਂ ਕਿ ਉਹ 'ਪੰਜਾਬ ਸੰਭਾਲੋ ਮੁਹਿੰਮ' ਦਾ ਹਿੱਸਾ ਬਣਨ। ਜੇਕਰ ਅੱਜ ਅਸੀਂ ਇਕੱਠੇ ਹੋ ਕੇ ਇਨ੍ਹਾਂ ਹੁਕਮਰਾਨਾਂ ਨੂੰ ਨਾ ਰੋਕਿਆ, ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਡਾ. ਕਰੀਮਪੁਰੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸੰਕਟ ਅਤੇ ਬਲੈਕ ਆਊਟ ਦੀ ਸਥਿਤੀ ਨੂੰ ਤੁਰੰਤ ਕੰਟਰੋਲ ਨਾ ਕੀਤਾ ਗਿਆ, ਤਾਂ ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬ ਵਿੱਚ ਸਰਕਾਰ ਦੀ ਇਸ ਨਾਕਾਮੀ ਨੂੰ ਉਠਾਏਗੀ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਹਰ ਕੁਰਬਾਨੀ ਦੇਣ ਲਈ ਤਿਆਰ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ