
ਚੰਡੀਗੜ੍ਹ, 24 ਅਪ੍ਰੈਲ (ਹਿੰ.ਸ.)| ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁੱਕਰਵਾਰ ਨੂੰ ਸਿਵਲ ਡਿਫੈਂਸ ਵੱਲੋਂ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਸ ਅਭਿਆਸ ਦਾ ਮਕਸਦ ਐਮਰਜੈਂਸੀ ਹਾਲਾਤਾਂ, ਖਾਸ ਕਰਕੇ ਹਵਾਈ ਹਮਲੇ ਵਰਗੀਆਂ ਸਥਿਤੀਆਂ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਤਿਆਰੀ ਨੂੰ ਪਰਖਣਾ ਹੈ।
ਜਲੰਧਰ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੈਂਪਸ ਵਿੱਚ ਇਹ ਮੌਕ ਡਰਿੱਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰਿੱਲ ਦੀ ਸ਼ੁਰੂਆਤ ਹਵਾਈ ਹਮਲੇ ਦੇ ਚੇਤਾਵਨੀ ਸਿਗਨਲ ਨਾਲ ਹੋਵੇਗੀ, ਜਿਸ ਲਈ ਸਾਈਰਨ ਵਜਾਇਆ ਜਾਵੇਗਾ। ਇਹ ਸਾਈਰਨ ਲਗਾਤਾਰ ਦੋ ਮਿੰਟ ਤੱਕ ਉੱਚੀ-ਨੀਵੀਂ ਆਵਾਜ਼ ਵਿੱਚ ਵੱਜੇਗਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਲਜ ਕੈਂਪਸ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਕੀਤਾ ਜਾਵੇਗਾ ਅਤੇ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਅਭਿਆਸ ਦੇ ਅੰਤ ਵਿੱਚ “ਆਲ ਕਲੀਅਰ” ਸਿਗਨਲ ਵਜਾਇਆ ਜਾਵੇਗਾ, ਜੋ ਕਿ ਦੋ ਮਿੰਟ ਲਈ ਲਗਾਤਾਰ ਤੇਜ਼ ਸਾਈਰਨ ਹੋਵੇਗਾ ਅਤੇ ਡਰਿੱਲ ਦੇ ਸਮਾਪਤ ਹੋਣ ਦਾ ਸੰਕੇਤ ਦੇਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹ ਡਰਿੱਲ ਸਿਰਫ਼ ਕਾਲਜ ਕੈਂਪਸ ਤੱਕ ਸੀਮਿਤ ਹੈ ਅਤੇ ਜਲੰਧਰ ਦੇ ਹੋਰ ਕਿਸੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਕੋਈ ਡਰਿੱਲ ਨਹੀਂ ਹੋਵੇਗੀ।
ਇਸੇ ਤਰ੍ਹਾਂ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਿਚਲੂ ਨਗਰ ਅਤੇ ਐਗਰ ਨਗਰ ਸਮੇਤ PSPCL ਡਿਵੀਜ਼ਨ ਦੇ ਅਧੀਨ ਆਉਂਦੇ ਕਈ ਇਲਾਕਿਆਂ ਵਿੱਚ ਵੀ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਦੱਸਿਆ ਕਿ ਵਸਨੀਕਾਂ ਨੂੰ ਸੁਚੇਤ ਕਰਨ ਲਈ ਸ਼ਾਮ ਕਰੀਬ 7:55 ਵਜੇ ਸਾਈਰਨ ਵਜਾਏ ਜਾਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਰਿੱਲ ਦੌਰਾਨ ਸਾਰੀਆਂ ਲਾਈਟਾਂ ਬੰਦ ਰੱਖਣ ਅਤੇ ਜਨਰੇਟਰ, ਇਨਵਰਟਰ, ਟਾਰਚ, ਮੋਮਬੱਤੀ ਜਾਂ ਮਾਚਿਸ ਦੀ ਵਰਤੋਂ ਨਾ ਕਰਨ, ਤਾਂ ਜੋ ਅਭਿਆਸ ਸਫਲਤਾਪੂਰਵਕ ਕਰਵਾਇਆ ਜਾ ਸਕੇ। ਸਾਈਰਨ ਵੱਜਣ ਤੋਂ ਬਾਅਦ ਪਾਵਰਕੌਮ ਵੱਲੋਂ ਕੁਝ ਸਮੇਂ ਲਈ ਬਿਜਲੀ ਸਪਲਾਈ ਵੀ ਬੰਦ ਕੀਤੀ ਜਾਵੇਗੀ।
ਇਹ ਮੌਕ ਡਰਿੱਲ ਪੀਏਯੂ ਵਿਖੇ ਸਾਈਰਨ ਨਾਲ ਸ਼ੁਰੂ ਹੋਵੇਗੀ, ਜਿਸ ਵਿੱਚ ਐਨਡੀਆਰਐਫ, ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਪੁਲਿਸ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐਨਸੀਸੀ ਵਰਗੀਆਂ ਵੱਖ-ਵੱਖ ਏਜੰਸੀਆਂ ਸਾਂਝੇ ਤੌਰ ‘ਤੇ ਹਿੱਸਾ ਲੈਣਗੀਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਇਸ ਮੌਕ ਡਰਿੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH