
ਚੰਡੀਗੜ੍ਹ, 24 ਅਪ੍ਰੈਲ (ਹਿੰ.ਸ.)| ਪੰਜਾਬ ਦੀ ਸਿਹਤ ਪ੍ਰਣਾਲੀ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਹੁਣ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਸਾਬਿਤ ਹੋ ਰਹੀ ਹੈ, ਜਿਸ ਨਾਲ ਆਰਥਿਕ ਤੰਗੀ ਕਾਰਨ ਕਿਸੇ ਵੀ ਮਰੀਜ਼ ਦੇ ਇਲਾਜ ਵਿੱਚ ਰੁਕਾਵਟ ਨਹੀਂ ਆ ਰਹੀ।
ਹੁਸ਼ਿਆਰਪੁਰ ਦੇ ਸੰਦੀਪ ਸਿੰਘ ਦਾ ਮਾਮਲਾ ਇਸ ਯੋਜਨਾ ਦੀ ਸਫਲਤਾ ਦਾ ਤਾਜ਼ਾ ਉਦਾਹਰਨ ਹੈ। ਉਸ ਨੂੰ ਤੀਵਰ ਇਸਕੀਮਿਕ ਸਟਰੋਕ ਹੋਣ ਤੋਂ ਬਾਅਦ ਏਮਜ਼ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ 32,300 ਰੁਪਏ ਦਾ ਇਲਾਜ ਪੂਰੀ ਤਰ੍ਹਾਂ ਸਰਕਾਰੀ ਯੋਜਨਾ ਤਹਿਤ ਕਵਰ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਸਿਹਤ ਕਾਰਡ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਿਕ ਬੋਝ ਨਹੀਂ ਝੱਲਣਾ ਪਿਆ।
ਸਰਕਾਰ ਦੀ ਇਸ ਯੋਜਨਾ ਹੇਠ ਹੁਣ ਤੱਕ 40 ਲੱਖ ਤੋਂ ਵੱਧ ਲੋਕ ਰਜਿਸਟਰ ਹੋ ਚੁੱਕੇ ਹਨ। ਇਸ ਤਹਿਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਨਕਦ-ਰਹਿਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਸਟ੍ਰੋਕ, ਸਿਰ ਦੀਆਂ ਚੋਟਾਂ, ਦੌਰੇ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਤ ਗੰਭੀਰ ਬੀਮਾਰੀਆਂ ਵੀ ਸ਼ਾਮਲ ਹਨ।
ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਹਾਦਸਿਆਂ ਕਾਰਨ ਨਿਊਰੋਲੋਜੀਕਲ ਮਾਮਲੇ ਵਧ ਰਹੇ ਹਨ। ਅਜਿਹੇ ਵਿੱਚ ਸਮੇਂ ‘ਤੇ ਇਲਾਜ ਬਹੁਤ ਮਹੱਤਵਪੂਰਨ ਹੈ। ਰਾਜਿੰਦਰਾ ਹਸਪਤਾਲ ਦੇ ਡਾ. ਹਰੀਸ਼ ਕੁਮਾਰ ਨੇ ਕਿਹਾ ਕਿ ਨਕਦ-ਰਹਿਤ ਸਹੂਲਤ ਕਾਰਨ ਐਮਰਜੈਂਸੀ ਮਾਮਲਿਆਂ ਵਿੱਚ ਕੀਮਤੀ ਸਮਾਂ ਬਚ ਰਿਹਾ ਹੈ ਅਤੇ ਇਲਾਜ ਤੁਰੰਤ ਸ਼ੁਰੂ ਕੀਤਾ ਜਾ ਰਿਹਾ ਹੈ।
ਲੁਧਿਆਣਾ ਦੇ ਨਿਊਰੋਸਰਜਨ ਡਾ. ਹਰਮਨ ਸੋਬਤੀ ਨੇ ਵੀ ਕਿਹਾ ਕਿ ਹੁਣ ਮਰੀਜ਼ ਲੱਛਣਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਸਮੇਂ ‘ਤੇ ਹਸਪਤਾਲ ਪਹੁੰਚ ਰਹੇ ਹਨ, ਜਿਸ ਨਾਲ ਨਤੀਜੇ ਵੀ ਬਿਹਤਰ ਆ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਕਿਸੇ ਵੀ ਮਰੀਜ਼ ਨੂੰ ਪੈਸਿਆਂ ਦੀ ਕਮੀ ਕਾਰਨ ਆਪਣੀ ਜਾਨ ਨਹੀਂ ਗੁਆਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਨਾਗਰਿਕ ਨੂੰ ਸਮੇਂ ‘ਤੇ ਅਤੇ ਆਸਾਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH