

ਸਮਾਣਾ, 24 ਅਪ੍ਰੈਲ (ਹਿੰ.ਸ.)| ਸਮਾਣਾ ਵਿੱਚ ਲਗਭਗ 18 ਮਹੀਨਿਆਂ ਤੋਂ ਚੱਲ ਰਹੇ ਟਾਵਰ ਮੋਰਚੇ ਦਾ ਅੰਤ ਹੋ ਗਿਆ ਹੈ। ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਕਰਦੇ ਹੋਏ 400 ਫੁੱਟ ਉੱਚੇ ਟੈਲੀਕਾਮ ਟਾਵਰ ‘ਤੇ ਡਟੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਸ਼ੁੱਕਰਵਾਰ ਸਵੇਰੇ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰ ਲਿਆ ਗਿਆ।
ਪ੍ਰਸ਼ਾਸਨ ਵੱਲੋਂ ਕੱਲ੍ਹ ਤੋਂ ਹੀ ਉਨ੍ਹਾਂ ਨੂੰ ਹੇਠਾਂ ਲਿਆਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ, ਗੁਰਜੀਤ ਸਿੰਘ ਖਾਲਸਾ ਆਪਣੇ ਸਮਰਥਕਾਂ ਦੀ ਮੌਜੂਦਗੀ ਵਿੱਚ ਟਾਵਰ ਤੋਂ ਹੇਠਾਂ ਉਤਰੇ। ਇਸ ਦੌਰਾਨ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਅਤੇ ਸਮਰਥਕ ਮੌਜੂਦ ਰਹੇ।
ਗੁਰਜੀਤ ਸਿੰਘ ਖਾਲਸਾ ਅਕਤੂਬਰ 2024 ਵਿੱਚ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਵਿਰੋਧ ਵਿੱਚ ਇਸ ਟਾਵਰ ‘ਤੇ ਚੜ੍ਹੇ ਸਨ। ਉਹ ਲਗਾਤਾਰ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਸਨ ਅਤੇ ਮੌਸਮ ਦੀਆਂ ਸਖ਼ਤੀਆਂ ਦੇ ਬਾਵਜੂਦ ਆਪਣੇ ਫ਼ੈਸਲੇ ‘ਤੇ ਡਟੇ ਰਹੇ।
ਹਾਲ ਹੀ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026” ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਹ ਮੋਰਚਾ ਖਤਮ ਹੋਣ ਵੱਲ ਵਧਿਆ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਦਾ ਰਸਤਾ ਸਾਫ਼ ਹੋ ਗਿਆ ਹੈ।
ਹੇਠਾਂ ਉਤਰਣ ਤੋਂ ਬਾਅਦ ਗੁਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਸੰਤੁਸ਼ਟੀ ਦਾ ਸਮਾਂ ਹੈ ਕਿਉਂਕਿ ਉਨ੍ਹਾਂ ਦੀ ਲੰਬੀ ਲੜਾਈ ਸਫਲ ਰਹੀ ਹੈ। ਉਨ੍ਹਾਂ ਕਿਹਾ, “ਵਾਹਿਗੁਰੂ ਨੇ ਮੇਰੀ ਅਰਦਾਸ ਸੁਣ ਲਈ ਹੈ। ਹੁਣ ਬੇਅਦਬੀ ਕਰਨ ਵਾਲਿਆਂ ਨੂੰ ਕੜੀ ਸਜ਼ਾ ਮਿਲੇਗੀ।”
ਇੱਕ ਸਾਲ ਤੋਂ ਵੱਧ ਸਮੇਂ ਤੱਕ, ਸੂਬਾ ਸਰਕਾਰ ਦੇ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ, ਗੁਰਜੀਤ ਸਿੰਘ ਖਾਲਸਾ ਨੇ ਆਪਣਾ ਅੰਦੋਲਨ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਖਰਾਬ ਮੌਸਮ ਦਾ ਸਾਹਮਣਾ ਕਰਦੇ ਹੋਏ ਗੁਰਜੀਤ ਸਿੰਘ ਖਾਲਸਾ ਟੈਲੀਕਾਮ ਟਾਵਰ 'ਤੇ ਡਟੇ ਰਹੇ।
ਉਨ੍ਹਾਂ ਦੇ ਸਮਰਥਕਾਂ ਨੇ 1 ਜਨਵਰੀ ਨੂੰ ਸਮਾਣਾ ਤੋਂ ਪੈਦਲ ਮਾਰਚ ਸ਼ੁਰੂ ਕੀਤਾ ਸੀ ਅਤੇ ਮਾਰਚ ਮਹੀਨੇ ਤੋਂ ਸ਼ਹਿਰ 'ਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਨਾਗਾਈਆਂ ਨਾਲ ਸੰਬੰਧਿਤ 43 ਸਾਲਾ ਗੁਰਜੀਤ ਸਿੰਘ ਖਾਲਸਾ ਪੇਸ਼ੇ ਤੋਂ ਕਿਸਾਨ ਅਤੇ ਡੇਅਰੀ ਮਾਲਕ ਹਨ। ਇਸ ਲੰਬੇ ਸੰਘਰਸ਼ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
ਇਸ ਮੋਰਚੇ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਸਮਾਣਾ ਵਿੱਚ ਧਰਨੇ ਅਤੇ ਪੈਦਲ ਮਾਰਚ ਵੀ ਕੀਤੇ ਗਏ। ਟਾਵਰ ‘ਤੇ ਰਹਿੰਦੇ ਹੋਏ ਉਹ ਤਰਪਾਲ ਦੀ ਛੱਤ ਹੇਠ ਰਹਿੰਦੇ ਸਨ ਅਤੇ ਹਰ ਰੋਜ਼ ਸੇਵਾਦਾਰ ਉਨ੍ਹਾਂ ਤੱਕ ਭੋਜਨ ਅਤੇ ਪਾਣੀ ਪਹੁੰਚਾਉਂਦੇ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH