ਸਮਰਾਲਾ ਪੁਲਿਸ ਨੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 5 ਮੈਂਬਰ ਕੀਤੇ ਕਾਬੂ
ਸਮਰਾਲਾ, 24 ਅਪ੍ਰੈਲ (ਹਿੰ.ਸ.)| ਸਮਰਾਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਇਲਾਕੇ ਦੇ ਨਾਮੀ ਲੋਕਾਂ ਨੂੰ ਧਮਕਾ ਕੇ ਫਿਰੌਤੀਆਂ ਮੰਗਦਾ ਸੀ। ਇਸ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਉਰਫ ਲਾਡੀ/ਆਜ
ਸਮਰਾਲਾ ਪੁਲਿਸ ਨੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 5 ਮੈਂਬਰ ਕੀਤੇ ਕਾਬੂ


ਸਮਰਾਲਾ, 24 ਅਪ੍ਰੈਲ (ਹਿੰ.ਸ.)| ਸਮਰਾਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਇਲਾਕੇ ਦੇ ਨਾਮੀ ਲੋਕਾਂ ਨੂੰ ਧਮਕਾ ਕੇ ਫਿਰੌਤੀਆਂ ਮੰਗਦਾ ਸੀ। ਇਸ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਉਰਫ ਲਾਡੀ/ਆਜ਼ਾਦ ਸਿੰਘ ਵਾਸੀ ਪਿੰਡ ਮੰਜਾਲੀ ਕਲਾਂ, ਕਾਕੂ ਵਾਸੀ ਹਰਕ੍ਰਿਸ਼ਨ ਵਿਹਾਰ (ਥਾਣਾ ਮਿਹਰਬਾਨ, ਲੁਧਿਆਣਾ), ਸ਼ਰੀਫ ਅਲੀ ਵਾਸੀ ਬਾਂਦੇਵਾਲ (ਰੋਪੜ), ਨਿਰਮਲ ਸਿੰਘ ਅਤੇ ਰਾਣੀ ਵਾਸੀ ਛੋਟਾ ਸੁਲਤਾਨਪੁਰ (ਥਾਣਾ ਚਮਕੌਰ ਸਾਹਿਬ) ਵਜੋਂ ਹੋਈ ਹੈ।

ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਡੀਜੀਪੀ ਪੰਜਾਬ, ਡੀਆਈਜੀ ਲੁਧਿਆਣਾ ਰੇਂਜ ਅਤੇ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ ਹੈ।

ਮਾਮਲੇ ਦੀ ਸ਼ੁਰੂਆਤ 18 ਅਪ੍ਰੈਲ 2026 ਨੂੰ ਹੋਈ, ਜਦੋਂ ਪਿੰਡ ਮੰਜਾਲੀ ਕਲਾਂ ਦੀ ਸਰਪੰਚ ਬਲਜਿੰਦਰ ਕੌਰ ਦੇ ਪੁੱਤਰ ਬਲਜੀਤ ਸਿੰਘ, ਜੋ ਕਿ ਭਾਜਪਾ ਪੁਲਿਸ ਜ਼ਿਲ੍ਹਾ ਖੰਨਾ ਯੂਥ ਪ੍ਰਧਾਨ ਵੀ ਹਨ, ਨੇ ਪੁਲਿਸ ਕੰਟਰੋਲ ਰੂਮ 112 ‘ਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫੋਨ ‘ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਨਾ ਦੇਣ ‘ਤੇ ਜਾਨੋਂ ਮਾਰਣ ਦੀ ਧਮਕੀ ਦਿੱਤੀ ਗਈ।

ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਮਰਾਲਾ ਵਿੱਚ ਬੀਐਨਐਸ ਦੀਆਂ ਧਾਰਾਵਾਂ 308(5), 351(3) ਅਤੇ 61(1) ਤਹਿਤ ਮਾਮਲਾ ਦਰਜ ਕੀਤਾ। ਟੈਕਨੀਕਲ ਸੈੱਲ ਅਤੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਨੇ ਮੋਬਾਈਲ ਲੋਕੇਸ਼ਨ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਸਭ ਤੋਂ ਪਹਿਲਾਂ ਨਿਰਮਲ ਸਿੰਘ ਅਤੇ ਰਾਣੀ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਨਿਰਮਲ ਸਿੰਘ ਨੇ ਆਪਣੇ ਨਾਮ ‘ਤੇ ਸਿਮ ਕਾਰਡ ਅਤੇ ਮੋਬਾਈਲ ਫੋਨ ਲੈ ਕੇ ਕਾਕੂ ਨੂੰ ਦਿੱਤਾ ਸੀ। ਅੱਗੇ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਕਾਕੂ ਨੇ ਇਹ ਫੋਨ ਸ਼ਰੀਫ ਅਲੀ ਅਤੇ ਹਰਦੀਪ ਸਿੰਘ ਨੂੰ ਦਿੱਤਾ, ਜਿਨ੍ਹਾਂ ਨੇ ਮਿਲ ਕੇ ਫਿਰੌਤੀ ਦੀ ਸਾਜ਼ਿਸ਼ ਰਚੀ।

ਪੁਲਿਸ ਅਨੁਸਾਰ ਹਰਦੀਪ ਸਿੰਘ ਉਰਫ ਲਾਡੀ, ਜੋ ਕਿ ਖੁਦ ਸਰਪੰਚ ਦੇ ਪਿੰਡ ਦਾ ਰਹਿਣ ਵਾਲਾ ਹੈ, ਇਸ ਸਾਰੀ ਯੋਜਨਾ ਦਾ ਮੁੱਖ ਸੂਤਰਧਾਰ ਹੈ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਗਿਰੋਹ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ। 14 ਅਪ੍ਰੈਲ ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇੱਕ ਆੜ੍ਹਤੀ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਵੀ ਇਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande