ਨਰਮੇ ਅਤੇ ਕਪਾਹ ਦੇ ਬੀਜਾਂ ‘ਤੇ ਮਿਲੇਗੀ 33% ਸਬਸਿਡੀ : ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਰਮੇ ਹੇਠ ਰਕਬੇ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵੱਲੋਂ ਪ੍ਰਮਾਣਿਤ ਬੀਟੀ ਕਾਟਨ ਹਾਈਬ੍ਰਿਡ ਅਤੇ ਦੇਸੀ ਕਪਾਹ ਦੇ ਬੀ
ਮੰਤਰੀ ਗੁਰਮੀਤ ਸਿੰਘ ਖੁੱਡੀਆਂ।


ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਰਮੇ ਹੇਠ ਰਕਬੇ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵੱਲੋਂ ਪ੍ਰਮਾਣਿਤ ਬੀਟੀ ਕਾਟਨ ਹਾਈਬ੍ਰਿਡ ਅਤੇ ਦੇਸੀ ਕਪਾਹ ਦੇ ਬੀਜਾਂ ‘ਤੇ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨ 87 ਮਨਜ਼ੂਰਸ਼ੁਦਾ ਬੀਟੀ ਕਾਟਨ ਹਾਈਬ੍ਰਿਡ ਅਤੇ ਦੇਸੀ ਕਪਾਹ ਦੀਆਂ ਚਾਰ ਕਿਸਮਾਂ—ਐਲ.ਡੀ.1019, ਐਲ.ਡੀ.949, ਐਫ.ਡੀ.ਕੇ.124 ਅਤੇ ਪੀ.ਬੀ.ਡੀ.88 ਵਿੱਚੋਂ ਕੋਈ ਵੀ ਕਿਸਮ ਚੁਣ ਸਕਦੇ ਹਨ। ਇਸ ‘ਤੇ ਬੀਜ ਦੀ ਲਾਗਤ ਦਾ ਲਗਭਗ ਇੱਕ ਤਿਹਾਈ ਹਿੱਸਾ ਸਰਕਾਰ ਵੱਲੋਂ ਸਬਸਿਡੀ ਰੂਪ ਵਿੱਚ ਦਿੱਤਾ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਨੂੰ ਕਿਸਾਨਾਂ ਵੱਲੋਂ ਪਹਿਲਾਂ ਹੀ ਵੱਡਾ ਹੁੰਗਾਰਾ ਮਿਲਿਆ ਹੈ। ਪਿਛਲੇ ਸਾਉਣੀ ਸੀਜ਼ਨ ਦੌਰਾਨ ਨਰਮੇ ਦੀ ਕਾਸ਼ਤ ਹੇਠ ਰਕਬੇ ਵਿੱਚ 19 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ। ਸਾਉਣੀ 2024 ਵਿੱਚ ਜਿੱਥੇ ਇਹ ਰਕਬਾ 1 ਲੱਖ ਹੈਕਟੇਅਰ ਸੀ, ਉੱਥੇ ਸਾਉਣੀ 2025 ਵਿੱਚ ਵਧ ਕੇ 1.19 ਲੱਖ ਹੈਕਟੇਅਰ ਹੋ ਗਿਆ। ਹੁਣ ਸਰਕਾਰ ਨੇ ਸਾਉਣੀ 2026 ਲਈ ਇਸਨੂੰ 1.25 ਲੱਖ ਹੈਕਟੇਅਰ ਤੱਕ ਲਿਜਾਣ ਦਾ ਟੀਚਾ ਰੱਖਿਆ ਹੈ।

ਕਪਾਹ ਨੂੰ “ਚਿੱਟਾ ਸੋਨਾ” ਕਰਾਰ ਦਿੰਦਿਆਂ ਮੰਤਰੀ ਨੇ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੇ ਧਾਨ ਦੀ ਥਾਂ ਨਰਮਾ ਅਤੇ ਹੋਰ ਫਸਲਾਂ ਵੱਲ ਰੁਝਾਨ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਬਸਿਡੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 20 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਰਜਿਸਟਰਡ ਡੀਲਰਾਂ ਤੋਂ ਹੀ ਪ੍ਰਮਾਣਿਤ ਬੀਜ ਖਰੀਦਣ ਅਤੇ ਅਰਜ਼ੀ ਦੌਰਾਨ ਪੱਕੇ ਬਿੱਲ ਅਪਲੋਡ ਕਰਨ। ਤਸਦੀਕ ਮਗਰੋਂ ਸਬਸਿਡੀ ਦੀ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।

ਇਸ ਯੋਜਨਾ ਨਾਲ ਨਾ ਸਿਰਫ਼ ਕਿਸਾਨਾਂ ਨੂੰ ਵਿੱਤੀ ਰਾਹਤ ਮਿਲੇਗੀ, ਸਗੋਂ ਉਹ ਉੱਚ ਗੁਣਵੱਤਾ ਵਾਲੇ ਅਤੇ ਵਿਗਿਆਨਕ ਤਰੀਕੇ ਨਾਲ ਸਿਫਾਰਸ਼ ਕੀਤੇ ਬੀਜਾਂ ਦੀ ਵਰਤੋਂ ਵੱਲ ਵੀ ਉਤਸ਼ਾਹਿਤ ਹੋਣਗੇ। ਮੰਤਰੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਰਵਾਇਤੀ ਕਪਾਹ ਪੱਟੀ ਨੂੰ ਮੁੜ ਜੀਵੰਤ ਕਰਨ ਵਿੱਚ ਮਦਦ ਮਿਲੇਗੀ, ਖਾਸ ਕਰਕੇ ਮਾਲਵਾ ਖੇਤਰ ਵਿੱਚ। ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹਰ ਯੋਗ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪੋਰਟਲ ‘ਤੇ ਅਰਜ਼ੀ ਦੇ ਕੇ ਇਸ ਸਕੀਮ ਦਾ ਪੂਰਾ ਲਾਭ ਉਠਾਉਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande