
ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ਰਾਜਪੁਰਾ ਵਿਖੇ ਕ੍ਰਿਸ਼ਨਾ ਮਾਰਕੀਟ ਵਿੱਚ ਸ਼ਾਰਟ ਸਰਕਟ ਕਾਰਨ ਸੜੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਲਈ ਅੱਜ ਐਸ.ਡੀ.ਐਮ. ਰਾਜਪੁਰਾ ਨਮਨ ਮਾਰਕਨ ਅਤੇ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਮੌਕੇ ‘ਤੇ ਪਹੁੰਚੇ ਅਤੇ ਪੀੜਤ ਦੁਕਾਨਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਮੌਕੇ ਰਾਜਪੁਰਾ ਕੈਸਟਰੋਲ ਹਾਊਸ ਦੇ ਮਾਲਕ ਮਲਕੀਤ ਸਿੰਘ ਅਤੇ ਸਟਾਰ ਇਲੈਕਟ੍ਰਾਨਿਕਸ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਦੁਪਹਿਰ ਲਗਭਗ ਦੋ ਵਜੇ ਸ਼ਾਰਟ ਸਰਕਟ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਅੱਗ ਲੱਗ ਗਈ, ਜਿਸ ਨਾਲ ਮਲਕੀਤ ਸਿੰਘ ਦਾ ਕਰੀਬ 22 ਲੱਖ ਰੁਪਏ ਅਤੇ ਜਸਵਿੰਦਰ ਸਿੰਘ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਆਰਥਿਕ ਸਹਾਇਤਾ ਲਈ ਮੰਗ ਪੱਤਰ ਵੀ ਸੌਂਪਿਆ।
ਐਸ.ਡੀ.ਐਮ. ਨਮਨ ਮਾਰਕਨ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਜਲਦ ਹੀ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਭੇਜਿਆ ਜਾਵੇਗਾ ਅਤੇ ਨਿਯਮਾਂ ਅਨੁਸਾਰ ਪੀੜਤਾਂ ਨੂੰ ਵੱਧ ਤੋਂ ਵੱਧ ਮਦਦ ਮੁਹੱਈਆ ਕਰਵਾਈ ਜਾਵੇਗੀ।
ਇਸ ਦੌਰਾਨ ਵਾਈਸ ਚੇਅਰਮੈਨ ਪੰਜਾਬ ਟ੍ਰੇਡ ਕਮਿਸ਼ਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਵਪਾਰੀਆਂ ਦੇ ਨਾਲ ਖੜੀ ਹੈ ਅਤੇ ਪ੍ਰਸ਼ਾਸਨ ਰਾਹੀਂ ਪੀੜਤ ਦੁਕਾਨਦਾਰਾਂ ਨੂੰ ਸੰਭਵ ਮਦਦ ਦਿਵਾਈ ਜਾਵੇਗੀ।
ਇਸ ਮੌਕੇ ਇੰਦਰਜੀਤ ਸਿੰਘ (ਸਰਦਾਰ ਇਲੈਕਟ੍ਰੀਕਲ), ਕੀਰਤ ਸਿੰਘ ਸੇਹਰਾ, ਮਨੀਸ਼ ਸੂਦ, ਅਜੀਤ ਸਿੰਘ, ਸੁਰਿੰਦਰ ਛਾਬੜਾ, ਕਰਮਜੀਤ ਕੰਮੀ, ਬਿੱਟੂ, ਕੰਵਲਜੀਤ ਸਿੰਘ ਸਮੇਤ ਹੋਰ ਦੁਕਾਨਦਾਰ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH