

ਚੰਡੀਗੜ੍ਹ, 25 ਅਪ੍ਰੈਲ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦਿਆਂ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ ਮੌਕੇ ਭਾਵੁਕ ਸ਼ਰਧਾਂਜਲੀ ਦਿੱਤੀ ਕੀਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਲਿਖਿਆ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਸਾਬ੍ਹ ਦੀ ਤੀਜੀ ਬਰਸੀ ਹੈ ਤੇ ਮਨ ਭਾਵੁਕ ਹੈ। ਸੰਗਤ ਨਾਲ ਵਿਚਰਦਿਆਂ ਕੋਈ ਅਜਿਹਾ ਦਿਨ ਨਹੀਂ ਹੋਵੇਗਾ, ਜਦੋਂ ਉਨ੍ਹਾਂ ਦਾ ਜ਼ਿਕਰ ਨਾ ਹੋਇਆ ਹੋਵੇ। ਬਾਦਲ ਸਾਬ੍ਹ ਦੇ ਵਿਚਾਰਾਂ ਦੀ ਖ਼ੁਸ਼ਬੂ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰ ਦੀ ਹਰ ਗਲ਼ੀ, ਹਰ ਮੁਹੱਲੇ ਤੇ ਹਰ ਘਰ ਵਿਚ ਫੈਲੀ ਹੋਈ ਹੈ ਤੇ ਹਮੇਸ਼ਾ ਫੈਲੀ ਰਹੇਗੀ।
ਅੱਜ ਜਦੋਂ ਰਾਜਨੀਤੀ ਅਤੇ ਜਨਤਕ ਜੀਵਨ ਵਿਚ ਆਏ ਨਿਘਾਰ ਤੋਂ ਹਰ ਸੰਵੇਦਨਸ਼ੀਲ ਦੇਸ਼ ਵਾਸੀ, ਹਰ ਪੰਜਾਬੀ ਤੇ ਖ਼ਾਸ ਕਰਕੇ ਹਰ ਸਿੱਖ ਚਿੰਤਤ ਹੈ ਤਾਂ ਬਾਦਲ ਸਾਬ੍ਹ ਦੀ ਗ਼ੈਰ ਮੌਜੂਦਗੀ ਸਭ ਨੂੰ ਹੋਰ ਵੀ ਤੀਬਰਤਾ ਨਾਲ ਮਹਿਸੂਸ ਹੋ ਰਹੀ ਹੈ। ਜਿਸ ਨਿਮਰਤਾ, ਸਹਿਣਸ਼ੀਲਤਾ ਤੇ ਦੂਰਅੰਦੇਸ਼ੀ ਸੋਚ ਨਾਲ ਉਨ੍ਹਾਂ ਨੇ ਜ਼ਿੰਦਗੀ ਵਿਚ ਹਰ ਔਕੜ ਦਾ ਸਾਹਮਣਾ ਕੀਤਾ ਅਤੇ ਨਿੱਜੀ ਤਲਕੀਫ ਬਾਰੇ ਖਾਮੋਸ਼ ਰਹਿ ਕੇ ਪੰਜਾਬੀਆਂ ਦੇ ਹਰ ਦੁੱਖ ਦਰਦ ਅਤੇ ਜ਼ਰੂਰਤ ਨੂੰ ਆਵਾਜ਼ ਦਿੱਤੀ, ਉਹ ਮੇਰੇ ਲਈ, ਸ਼੍ਰੋਮਣੀ ਅਕਾਲੀ ਦਲ ਲਈ, ਖ਼ਾਲਸਾ ਪੰਥ ਲਈ ਤੇ ਸਮੂਹ ਪੰਜਾਬੀਆਂ ਲਈ ਹਮੇਸ਼ਾ ਇੱਕ ਪ੍ਰੇਰਣਾ ਅਤੇ ਮਾਰਗ ਦਰਸ਼ਕ ਦਾ ਕੰਮ ਕਰਦੀ ਰਹੇਗੀ। ਪੰਜਾਬ ਦੇ ਅਮਨ, ਸ਼ਾਂਤੀ, ਭਾਈਚਾਰਕ ਸਾਂਝ, ਖ਼ੁਸ਼ਹਾਲੀ ਅਤੇ ਪੰਥਕ ਵਿਰਸੇ ਨੂੰ ਸਾਂਭਣ ਅਤੇ ਹੋਰ ਬੁਲੰਦੀ ‘ਤੇ ਲੈ ਜਾਣ ਲਈ ਜੋ ਉੱਚੇ ਮਿਆਰ ਉਨ੍ਹਾਂ ਨੇ ਸਥਾਪਿਤ ਕੀਤੇ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਖ਼ੁਦ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਉਹਨਾਂ ਤੋਂ ਸੇਧ ਤੇ ਪ੍ਰੇਰਨਾ ਲੈ ਕੇ ਪੰਥ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਵਿੱਚ ਹਰ ਪਲ ਜੁਟੇ ਰਹਾਂਗੇ। ਅੱਜ ਦੇ ਦਿਨ ਆਪਣੇ ਸਭ ਦੇ ਸਤਿਕਾਰਯੋਗ ਬਾਦਲ ਸਾਬ੍ਹ ਦੀ ਬਰਸੀ ਮੌਕੇ ਉਨ੍ਹਾਂ ਨੂੰ ਨਮਨ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।
ਇਸੇ ਤਰ੍ਹਾਂ ਡਾ. ਦਲਜੀਤ ਚੀਮਾ ਨੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ ਮੌਕੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ 2015 ਦੀ ਇਕ ਯਾਦ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਰੋਪੜ ਬਾਈਪਾਸ ਅਤੇ ਸਤਲੁਜ ਦਰਿਆ ‘ਤੇ ਬਣੇ ਪੁੱਲ ਦੇ ਉਦਘਾਟਨ ਸਮੇਂ ਬਾਦਲ ਸਾਹਿਬ ਨਾਲ ਮੌਜੂਦ ਰਹਿਣਾ ਉਨ੍ਹਾਂ ਲਈ ਮਾਣ ਵਾਲਾ ਪਲ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੇ ਰੋਪੜ ਸ਼ਹਿਰ ਦੀ ਤਸਵੀਰ ਬਦਲ ਦਿੱਤੀ। ਡਾ. ਚੀਮਾ ਨੇ ਕਿਹਾ ਕਿ ਬਾਦਲ ਸਾਹਿਬ ਦੀ ਸੋਚ, ਨਿਮਰਤਾ ਅਤੇ ਪੰਜਾਬ ਲਈ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਸੇਵਾ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯਾਦਾਂ ਸਿਰਫ਼ ਪਲ ਨਹੀਂ, ਸਗੋਂ ਇਕ ਵਿਰਾਸਤ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH