ਘੱਗਰ ਦਰਿਆ ‘ਤੇ ਬਣਨ ਵਾਲਾ ਪੁਲ ਡੇਰਾਬੱਸੀ ਹਲਕੇ ਨੂੰ ਬਨੂੰੜ–ਰਾਜਪੁਰਾ ਮਾਰਗ ਨਾਲ ਜੋੜੇਗਾ: ਵਿਧਾਇਕ ਰੰਧਾਵਾ
ਲੋਕਾਂ ਵੱਲੋਂ 60 ਸਾਲ ਪੁਰਾਣੀ ਮੰਗ ਹੋਈ ਪੂਰੀ: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਲਾਲੜੂ (ਐਸ.ਏ.ਐਸ ਨਗਰ), 25 ਅਪ੍ਰੈਲ (ਹਿੰ.ਸ.)| ਲਗਭਗ ਛੇ ਦਹਾਕਿਆਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸ਼ੁੱਕਰਵਾਰ ਨੂੰ ਡੇਰਾਬੱਸੀ ਹਲਕੇ ਦੇ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ‘ਤੇ
ਉਦਘਾਟਨ ਦੌਰਾਨ ਵਿਧਾਇਕ ਕੁਲਜੀਤ ਰੰਧਾਵਾ ਤੇ ਹੋਰ।


ਵਿਕਾਸ ਕਾਰਜ ਤੋਂ ਪਹਿਲਾਂ ਘੱਗਰ ਨੂੰ ਮੱਥਾ ਟੇਕਦੇ ਹੋਏ ਵਿਧਾਇਕ ਤੇ ਹੋਰ।


ਲੋਕਾਂ ਵੱਲੋਂ 60 ਸਾਲ ਪੁਰਾਣੀ ਮੰਗ ਹੋਈ ਪੂਰੀ: ਵਿਧਾਇਕ ਕੁਲਜੀਤ ਸਿੰਘ ਰੰਧਾਵਾ

ਲਾਲੜੂ (ਐਸ.ਏ.ਐਸ ਨਗਰ), 25 ਅਪ੍ਰੈਲ (ਹਿੰ.ਸ.)| ਲਗਭਗ ਛੇ ਦਹਾਕਿਆਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸ਼ੁੱਕਰਵਾਰ ਨੂੰ ਡੇਰਾਬੱਸੀ ਹਲਕੇ ਦੇ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ ‘ਤੇ ਹਾਈ ਲੈਵਲ ਪੁਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।

8.55 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਘੱਗਰ ਕਿਨਾਰੇ ਸਥਿਤ ਦਰਜਨਾਂ ਪਿੰਡਾਂ ਲਈ ਸੜ੍ਹਕ ਨੈੱਟਵਰਕ ਵਿੱਚ ਵੱਡਾ ਸੁਧਾਰ ਲਿਆਵੇਗਾ। ਕਰੀਬ 410 ਫੁੱਟ ਲੰਬੇ ਅਤੇ 28 ਫੁੱਟ ਚੌੜੇ ਇਸ ਪੁਲ ਨਾਲ ਡੇਰਾਬੱਸੀ ਤੋਂ ਬਨੂੰੜ–ਰਾਜਪੁਰਾ ਸੜਕ ਤੱਕ ਸਿੱਧੀ ਪਹੁੰਚ ਬਣੇਗੀ, ਜਿਸ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ਾਨਾ ਆਵਾਜਾਈ ਸੁਖਾਲੀ ਹੋਵੇਗੀ।

ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਪ੍ਰੋਜੈਕਟ ਡੇਰਾਬੱਸੀ ਅਤੇ ਰਾਜਪੁਰਾ (ਬਨੂੰੜ) ਹਲਕਿਆਂ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਮਹੱਤਵਪੂਰਨ ਵਾਅਦਾ ਸੀ, ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਡੇਰਾਬੱਸੀ ਦੀ ਇਸ ਬੈਲਟ ਰਾਹੀਂ ਬਨੂੰੜ ਅਤੇ ਰਾਜਪੁਰਾ ਵੱਲ ਰੋਜ਼ਾਨਾ ਆਵਾਜਾਈ ਕਰਨ ਵਾਲੇ ਹਜ਼ਾਰਾਂ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਲਈ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਅੱਜ ਸਫਲ ਹੋਈਆਂ ਹਨ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਉਹ ਆਪਣੇ ਵਾਅਦੇ ‘ਤੇ ਖਰੇ ਉਤਰੇ ਹਨ।

ਉਨ੍ਹਾਂ ਹੋਰ ਦੱਸਿਆ ਕਿ ਇਹ ਪੁਲ ਰਾਜਪੁਰਾ–ਅੰਬਾਲਾ ਹਾਈਵੇ ਅਤੇ ਚੰਡੀਗੜ੍ਹ–ਅੰਬਾਲਾ ਹਾਈਵੇ ਦਰਮਿਆਨ ਇੱਕ ਬਦਲਵਾਂ ਰਸਤਾ ਮੁਹੱਈਆ ਕਰੇਗਾ, ਜਿਸ ਨਾਲ ਯਾਤਰਾ ਸਮਾਂ ਘਟੇਗਾ ਅਤੇ ਟ੍ਰੈਫਿਕ ਦਾ ਬੋਝ ਵੀ ਘਟੇਗਾ।

ਉਨ੍ਹਾਂ ਯਾਦ ਕਰਵਾਇਆ ਕਿ ਪਿਛਲੇ ਸਾਲ ਇਸੇ ਥਾਂ ‘ਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਬੰਨ੍ਹ ਤਿਆਰ ਕੀਤਾ ਗਿਆ ਸੀ, ਜਿਸ ਨਾਲ ਬਾਰਸ਼ੀ ਮੌਸਮ ਦੌਰਾਨ ਘੱਗਰ ਦਰਿਆ ਦੇ ਪਾਣੀ ਤੋਂ ਨਜ਼ਦੀਕੀ ਪਿੰਡਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਥਾਂ ਤੇ ਰਹਿੰਦੇ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵਿਧਾਇਕ ਨੇ ਕਿਹਾ ਕਿ ਹਲਕੇ ਦੀਆਂ ਖ਼ਰਾਬ ਹਾਲਤ ਵਾਲੀਆਂ ਸਾਰੀਆਂ ਲਿੰਕ ਸੜਕਾਂ ਨੂੰ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਨਵੀਆਂ ਬਣਾ ਦਿੱਤਾ ਜਾਵੇਗਾ, ਕਿਉਂਕਿ ਕਈ ਬਾਅਦ ਵਾਲੇ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ।

ਉਨ੍ਹਾਂ ਡੇਰਾਬੱਸੀ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ, ਉਨ੍ਹਾਂ ਦਾ ਨੁਮਾਇੰਦਾ ਬਣ, ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਸੰਭਵ ਹੋਇਆ ਹੈ।

ਪੰਜਾਬ ਸਰਕਾਰ ਦੀਆਂ ਉਪਲਬਧੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ, 600 ਯੂਨਿਟ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਅਤੇ ਸਕੂਲ ਆਫ਼ ਐਮੀਨੈਂਸ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬੇਅਦਬੀ (ਸੈਕ੍ਰਿਲੇਜ) ਮਾਮਲਿਆਂ ਵਿੱਚ ਸਜ਼ਾਵਾਂ ਸਖ਼ਤ ਕਰਨ ਲਈ ਲਿਆਂਦੇ ਕਾਨੂੰਨ ਅਤੇ ‘ਮਾਵਾਂ ਧੀਆਂ ਸਤਕਾਰ ਯੋਜਨਾ’ ਤਹਿਤ ਮਹਿਲਾਵਾਂ ਨੂੰ ਆਰਥਿਕ ਮਦਦ ਦੇਣ ਦੀ ਵੀ ਗੱਲ ਕੀਤੀ।

ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਪੁਲ ਦਾ ਨਿਰਮਾਣ ਨਿਰਧਾਰਿਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ।

ਇਸ ਸਮਾਗਮ ਵਿੱਚ ਟਿਵਾਣਾ, ਝੱਜੋਂ, ਬਾਸਮਾ, ਤੇਪਲਾ, ਖਜੂਰ ਮੰਡੀ, ਡੰਗ ਡੇਹਰਾ, ਸਰਸਿਨੀ, ਕੁਰਲੀ, ਆਲਮਗੀਰ, ਜੜੋਤ, ਬਤੌਲੀ ਅਤੇ ਝਰਮੜੀ ਆਦਿ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਐਸ.ਡੀ.ਐਮ ਡੇਰਾਬੱਸੀ ਅਮਿਤ ਗੁਪਤਾ, ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ, ਸਰਪੰਚ ਸਾਹਿਬਾਨ ,ਬਲਾਕ ਸੰਮਤੀ ਮੈਂਬਰ,ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande