
ਨਵੀਂ ਦਿੱਲੀ, 26 ਅਪ੍ਰੈਲ (ਹਿੰ.ਸ.)। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਵਿੱਚ ਕਾਂਗਰਸੀ ਵਰਕਰ ਦੇਬਦੀਪ ਚੈਟਰਜੀ ਦੇ ਕਥਿਤ ਕਤਲ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਟੀਐਮਸੀ ਨਾਲ ਸਬੰਧਤ ਗੁੰਡਿਆਂ ਵੱਲੋਂ ਚੋਣਾਂ ਤੋਂ ਬਾਅਦ ਕੀਤਾ ਗਿਆ ਇਹ ਕਤਲ ਬਹੁਤ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਵਿੱਚ ਲੋਕਤੰਤਰ ਦੀ ਬਜਾਏ ਗੁੰਡਾਗਰਦੀ ਦਾ ਰਾਜ ਹੈ, ਜਿੱਥੇ ਵਿਰੋਧ ਦੀਆਂ ਆਵਾਜ਼ਾਂ ਨੂੰ ਡਰਾਉਣ ਅਤੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਰਾਜਨੀਤੀ ਕਦੇ ਵੀ ਹਿੰਸਾ 'ਤੇ ਅਧਾਰਤ ਨਹੀਂ ਰਹੀ ਹੈ ਅਤੇ ਪਾਰਟੀ ਨੇ ਹਮੇਸ਼ਾ ਅਹਿੰਸਾ ਅਤੇ ਸੰਵਿਧਾਨ ਦੇ ਮਾਰਗ 'ਤੇ ਚੱਲਣ ਦਾ ਸੰਕਲਪ ਲਿਆ ਹੈ। ਆਪਣੇ ਵਰਕਰਾਂ ਨੂੰ ਖੋਣ ਦੇ ਬਾਵਜੂਦ, ਪਾਰਟੀ ਨੇ ਹਮੇਸ਼ਾ ਸ਼ਾਂਤੀਪੂਰਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੀ ਅਪਣਾਇਆ ਹੈ।
ਉਨ੍ਹਾਂ ਤਾਜ਼ਾ ਮਾਮਲੇ ਵਿੱਚ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਮ੍ਰਿਤਕ ਦੇ ਪਰਿਵਾਰ ਲਈ ਸੁਰੱਖਿਆ ਅਤੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਅਹਿੰਸਕ ਪਰੰਪਰਾ ਨੂੰ ਢਾਹ ਲਾਉਣ ਵਾਲੀ ਅਜਿਹੀ ਰਾਜਨੀਤੀ ਅੱਗੇ ਕਾਂਗਰਸ ਨਹੀਂ ਝੁਕੇਗੀ ਅਤੇ ਨਿਆਂ ਯਕੀਨੀ ਬਣਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ