
ਬਠਿੰਡਾ, 26 ਅਪ੍ਰੈਲ (ਹਿੰ.ਸ.)| ਬਠਿੰਡਾ ਪੁਲਿਸ ਨੇ ਗੈਂਗਸਟਰਾਂ ਅਤੇ ਅਪਰਾਧ ਖ਼ਿਲਾਫ਼ ਚੱਲ ਰਹੇ ਵਿਸ਼ੇਸ਼ ਅਭਿਆਨ ਤਹਿਤ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ ਤੋਂ 4 ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਸਿਟੀ ਰਾਮਪੁਰਾ ਥਾਣੇ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਜਸਮੀਤ ਸਿੰਘ ਸਾਹੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਸਬ-ਡਿਵਿਜ਼ਨਲ ਅਫਸਰ ਫੂਲ ਦੀ ਅਗਵਾਈ ਵਿੱਚ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ .32 ਬੋਰ ਦੀਆਂ ਪਿਸਤੌਲਾਂ 6 ਜ਼ਿੰਦਾ ਕਾਰਤੂਸਾਂ ਸਮੇਤ ਅਤੇ ਇੱਕ .315 ਬੋਰ ਦੀ ਦੇਸੀ ਪਿਸਤੌਲ 2 ਜ਼ਿੰਦਾ ਕਾਰਤੂਸਾਂ ਸਮੇਤ ਬਰਾਮਦ ਹੋਏ ਹਨ। ਪੁਲਿਸ ਟੀਮ ਵੈਟਨਰੀ ਕਾਲਜ ਰਾਮਪੁਰਾ ਨੇੜੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ‘ਝਿਰੀ’ ਵਾਲੇ ਇਲਾਕੇ ਵੱਲੋਂ ਕੁਝ ਨੌਜਵਾਨਾਂ ਨੂੰ ਆਉਂਦੇ ਦੇਖਿਆ। ਪੁਲਿਸ ਨੂੰ ਦੇਖਦੇ ਹੀ ਉਨ੍ਹਾਂ ਨੇ ਆਪਣੀ ਮੋਟਰਸਾਈਕਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੋਟਰਸਾਈਕਲ ਬੰਦ ਹੋਣ ਕਾਰਨ ਉਹ ਕਾਬੂ ਆ ਗਏ।
ਸ਼ੱਕ ਦੇ ਆਧਾਰ ‘ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸੰਦੀਪ ਸਿੰਘ ਨੇ ਇਹ ਪਿਸਤੌਲਾਂ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਰਾਜਵੀਰ ਸਿੰਘ ਤੋਂ 50 ਹਜ਼ਾਰ ਰੁਪਏ ਵਿੱਚ ਖਰੀਦੀਆਂ ਸਨ। ਜਦਕਿ ਜਸਵਿੰਦਰ ਸਿੰਘ ਨੇ .32 ਬੋਰ ਦੀ ਪਿਸਤੌਲ ਭਗਤਾ ਭਾਈਕਾ ਦੇ ਨਿਵਾਸੀ ਆਕਾਸ਼ਦੀਪ ਸਿੰਘ ਤੋਂ ਲਈ ਸੀ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੰਦੀਪ ਸਿੰਘ ਦਾ ਪਿੰਡ ਦੇ ਹੀ ਇੱਕ ਨੌਜਵਾਨ ਬਾਗੀ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਉਸ ਨੂੰ ਮਾਰਨ ਦੀ ਨੀਅਤ ਨਾਲ ਇਹ ਹਥਿਆਰ ਖਰੀਦੇ ਗਏ ਸਨ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH