
ਮੋਹਾਲੀ, 26 ਅਪ੍ਰੈਲ (ਹਿੰ.ਸ.)| ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਉੱਘੇ ਪੰਜਾਬੀ ਗਾਇਕ ਮਨਕੀਰਤ ਅੋਲਖ ਵਲੋਂ 'ਸੋਨਾਲੀਕਾ ਡੀਆਈ ਟਾਈਗਰ 4x4' ਟਰੈਕਟਰ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਮਨਕੀਰਤ ਅੋਲਖ ਵਲੋਂ ਟਰੈਕਟਰ ਨਿਸ਼ਾਨ ਸਾਹਿਬ ਕੋਲ ਖੜਾ ਕਰਕੇ ਟਰੈਕਟਰ ਦੀ ਚਾਬੀ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਖੇ ਦਿੱਤੀ ਗਈ। ਟਰੈਕਟਰ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ’ਤੇ ਹੈ। ਟਰੈਕਟਰ ’ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਕਾਗਜ਼ਾਂ ਦੇ ਮੁਤਾਬਕ ਟਰੈਕਟਰ ਦੀ ਕੀਮਤ 12 ਲੱਖ 94 ਹਜ਼ਾਰ ਰੁਪਏ ਹੈ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ । ਇਸ ਮੌਕੇ ਮਨਕੀਰਤ ਔਲਖ ਨੇ ਦੱਸਿਆ ਕਿ ਉਹ ਜਿਸ ਮੁਕਾਮ ’ਤੇ ਹੈ ਉਹ ਮੁਕਾਮ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH