
ਹੁਸ਼ਿਆਰਪੁਰ, 26 ਅਪ੍ਰੈਲ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਪ੍ਰਤੀ ਉਸਾਰੂ ਸੋਚ ਤੋਂ ਪ੍ਰਭਾਵਿਤ ਹੋ ਕੇ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਰਿਟਾਇਰਡ ਸੀਨੀਅਰ ਮੈਨੇਜਰ ਵੇਦ ਰਾਜ ਆਦੀਆ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਇੰਚਾਰਜ ਸੰਜੀਵ ਤਲਵਾੜ ਅਤੇ ਹੋਰ ਸੀਨੀਅਰ ਆਗੂਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਵੇਦ ਰਾਜ ਆਦੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਇੱਕ ਪੜ੍ਹੇ-ਲਿਖੇ ਅਤੇ ਪ੍ਰਸ਼ਾਸਨਿਕ ਤਜ਼ਰਬਾ ਰੱਖਣ ਵਾਲੇ ਸਖਸ਼ ਦਾ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੇ ਆਉਣ ਨਾਲ ਹੁਸ਼ਿਆਰਪੁਰ ਵਿੱਚ ਪਾਰਟੀ ਨੂੰ ਨਵੀਂ ਊਰਜਾ ਮਿਲੇਗੀ। ਅਸੀਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਅਸੀਂ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਾਂਗੇ।ਅਨੁਸੂਚਿਤ ਜਾਤੀ ਵਿੰਗ ਦੇ ਜ਼ਿਲਾ ਪ੍ਰਧਾਨ ਪ੍ਰੇਮ ਸਿੰਘ ਅਤੇ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਸੰਤੋਖ ਔਜਲਾ ਨੇ ਵੀ ਸਾਂਝੇ ਤੌਰ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਵੇਦ ਰਾਜ ਆਦੀਆ ਦੇ ਜਨਤਕ ਅਕਸ ਅਤੇ ਬੈਂਕਿੰਗ ਖੇਤਰ ਦੇ ਤਜ਼ਰਬੇ ਦਾ ਲਾਭ ਪੂਰੇ ਜ਼ਿਲ੍ਹੇ ਦੇ ਵਰਕਰਾਂ ਨੂੰ ਮਿਲੇਗਾ। ਉਨ੍ਹਾਂ ਦੇ ਆਉਣ ਨਾਲ ਸਮਾਜ ਦੇ ਹਰ ਵਰਗ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ। ਐਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ ਨੇ ਇਸ ਮੌਕੇ ਕਿਹਾ ਕਿ ਵੇਦ ਰਾਜ ਆਦੀਆ ਵਰਗੀਆਂ ਸੁਲਝੀਆਂ ਸ਼ਖਸੀਅਤਾਂ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਭਾਵਨਾ 'ਤੇ ਭਰੋਸਾ ਕਰਦੇ ਹਨ। ਅਸੀਂ ਸਾਰੇ ਮਿਲ ਕੇ ਪਾਰਟੀ ਨੂੰ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ। ਇਸ ਮੌਕੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਇਕਜੁੱਟ ਹੋ ਕੇ ਲੋਕਾਂ ਦੀ ਸੇਵਾ ਲਈ ਤਤਪਰ ਰਹਿਣ ਦਾ ਅਹਿਦ ਲਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ