
ਆਦਮਪੁਰ (ਜਲੰਧਰ), 26 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ ਵੱਲੋਂ ‘ਪੰਜਾਬ ਸੰਭਾਲੋ’ ਮੁਹਿੰਮ ਦੇ ਤਹਿਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਵਰਕਰ ਸੰਮੇਲਨ ਆਦਮਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਦਿੱਗਜ ਆਗੂਆਂ ਨੇ ਵਰਕਰਾਂ ਵਿੱਚ ਨਵਾਂ ਜੋਸ਼ ਭਰਦਿਆਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ 'ਤੇ ਗੰਭੀਰ ਚਰਚਾ ਕੀਤੀ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਇੰਚਾਰਜ ਸ੍ਰੀ ਰਣਬੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ 'ਪੰਜਾਬ ਸੰਭਾਲੋ' ਮੁਹਿੰਮ ਦਾ ਮਕਸਦ ਸੂਬੇ ਨੂੰ ਮੁੜ ਲੀਹ 'ਤੇ ਲਿਆਉਣਾ ਹੈ। ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਬਹੁਜਨ ਸਮਾਜ ਪਾਰਟੀ ਹੀ ਇੱਕਮਾਤਰ ਬਦਲ ਹੈ, ਜੋ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਵਪਾਰ ਖਤਰੇ ਵਿੱਚ ਹੈ। ਮੌਜੂਦਾ ਸਰਕਾਰਾਂ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਬਸਪਾ ਨੇ ਲੋਕਾਂ ਦੀ ਆਵਾਜ਼ ਬਣਨ ਦਾ ਬੀੜਾ ਚੁੱਕਿਆ ਹੈ। ਸਾਡਾ ਮਕਸਦ ਸਿਰਫ ਸੱਤਾ ਪ੍ਰਾਪਤੀ ਨਹੀਂ, ਸਗੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਕਰਕੇ ਇੱਕ ਖੁਸ਼ਹਾਲ ਸੂਬਾ ਬਣਾਉਣਾ ਹੈ। ਇਸ ਦੌਰਾਨ ਵਰਕਰਾਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਅਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਉਲੀਕੀ ਗਈ ਅਤੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਰਣਧੀਰ ਸਿੰਘ ਬੈਣੀਵਾਲ, ਪ੍ਰਤਾਪ ਸਿੰਘ ਅਤੇ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਪਾਰਟੀ ਦੇ ਨੌਜਵਾਨ ਆਗੂ ਬਲਵਿੰਦਰ ਕੁਮਾਰ ਨੂੰ ਆਦਮਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਾ ਐਲਾਨ ਕਰਕੇ ਸੰਗਤਾਂ ਤੋਂ 2027 ’ਚ ਇਹ ਸੀਟ ਜਿੱਤ ਕੇ ਮਾਇਆਵਤੀ ਦੀ ਝੋਲੀ ’ਚ ਪਾਉਣ ਲਈ ਵਾਅਦਾ ਵੀ ਲਿਆ। ਐਡਵੋਕੇਟ ਬਲਵਿੰਦਰ ਕੁਮਾਰ ਸਟੇਟ ਜਨਰਲ ਸੈਕਟਰੀ ਨੇ ਦਿਨ ਰਾਤ ਇੱਕ ਕਰਕੇ ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾ ਕੇ ਪੰਜਾਬ ਸੰਭਾਲੋ ਮਹਿਮ ਨਾਲ ਸੰਗਤਾਂ ਨੂੰ ਜੋੜ ਕੇ ਆਦਮ ਪਰ ਸੀਟ ਜਿੱਤ ਕੇ ਭੈਣ ਕੁਮਾਰੀ ਮਾਇਆਵਤੀ ਦੀ ਝੋਲੀ ਵਿੱਚ ਪਾਣ ਦਾ ਭਰੋਸਾ ਦਿੱਤਾ। ਇਸ ਮੌਕੇ ਹਰਜਿੰਦਰ ਬਿੱਲਾ, ਸੁਖਵਿੰਦਰ ਚੁਖਿਆਰਾ, ਜਗਦੀਸ਼ ਸ਼ੇਰਪੁਰੀ ਜਲੰਧਰ, ਮਨਜੀਤ ਚੁਖਿਆਰਾ, ਸੂਰਤੀ ਲਾਲ, ਮਦਨ ਮੱਤੀ, ਕੌਂਸਲਰ ਮਾ. ਰਾਮ ਲੁਭਾਇਆ, ਗੁਰਮੀਤ ਚੁੰਬਰ, ਜੀਵਨ ਸਰਪੰਚ ਤੋਂ ਇਲਾਵਾ ਹੋਰ ਵੀ ਪਾਰਟੀ ਦੇ ਲੀਡਰ ਵਰਕਰ ਸਮਰਥਕ ਅਤੇ ਵੱਡੀ ਗਿਣਤੀ ਵਿੱਚ ਬਸਪਾ ਸਮਰਥਕਾਂ ਦੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ