ਵਜ਼ੀਫਿਆਂ ਵਿੱਚ ਵੱਡਾ ਵਾਧਾ: ਪ੍ਰੀ-ਮੈਟ੍ਰਿਕ 21%, ਪੋਸਟ-ਮੈਟ੍ਰਿਕ 11.23% ਤੇ ਉਚ ਸਿੱਖਿਆ 13.5% ਵਧੀ: ਪਰਮਜੀਤ ਕੈਂਥ
ਚੰਡੀਗੜ੍ਹ, 26 ਅਪ੍ਰੈਲ (ਹਿੰ.ਸ.)| ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੇਂਦਰ ਸਰਕਾਰ ਵੱਲੋਂ ਐਸਸੀ ਵਰਗ ਦੀ ਭਲਾਈ ਲਈ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹਾ 2025–26 ਲਈ 75 ਲੱਖ ਤੋਂ ਵੱਧ ਲਾਭਪਾਤਰੀਆਂ ਲਈ 7,981.47 ਕਰੋ
ਪਰਮਜੀਤ ਸਿੰਘ ਕੈਂਥ।


ਚੰਡੀਗੜ੍ਹ, 26 ਅਪ੍ਰੈਲ (ਹਿੰ.ਸ.)| ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੇਂਦਰ ਸਰਕਾਰ ਵੱਲੋਂ ਐਸਸੀ ਵਰਗ ਦੀ ਭਲਾਈ ਲਈ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹਾ 2025–26 ਲਈ 75 ਲੱਖ ਤੋਂ ਵੱਧ ਲਾਭਪਾਤਰੀਆਂ ਲਈ 7,981.47 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।

ਕੈਂਥ ਨੇ ਕਿਹਾ ਕਿ ਇਹ ਕਦਮ ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਵੱਲ ਇੱਕ ਵੱਡਾ ਅਤੇ ਨਤੀਜਾ-ਕੇਂਦ੍ਰਿਤ ਯਤਨ ਹੈ। ਉਨ੍ਹਾਂ ਅਨੁਸਾਰ ਇਹ ਸਿਰਫ਼ ਖਰਚ ਨਹੀਂ, ਸਗੋਂ ਇਤਿਹਾਸਕ ਤੌਰ ‘ਤੇ ਪਿੱਛੜੇ ਵਰਗਾਂ ਦੀ ਮਾਨਵੀ ਪੂੰਜੀ ਵਿੱਚ ਨਿਵੇਸ਼ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਜ਼ੀਫਾ ਯੋਜਨਾਵਾਂ ਵਿੱਚ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ। ਪ੍ਰੀ-ਮੈਟ੍ਰਿਕ ਵਜ਼ੀਫੇ ਵਿੱਚ 21%, ਪੋਸਟ-ਮੈਟ੍ਰਿਕ ਵਿੱਚ 11.23% ਅਤੇ ਉੱਚ ਸਿੱਖਿਆ (ਟਾਪ ਕਲਾਸ ਐਜੂਕੇਸ਼ਨ) ਵਿੱਚ 13.5% ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਜਾਰੀ ਰੱਖਣ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ‘ਸ਼੍ਰੇਸ਼ਟਾ’ ਯੋਜਨਾ ਤਹਿਤ ਰਿਹਾਇਸ਼ੀ ਸਕੂਲਾਂ ਲਈ ਖਰਚ ਵਿੱਚ 16% ਵਾਧਾ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣ ‘ਚ ਮਦਦ ਮਿਲੇਗੀ।

ਵਿੱਤੀ ਸਮਾਵੇਸ਼ ਬਾਰੇ ਗੱਲ ਕਰਦਿਆਂ ਕੈਂਥ ਨੇ ਕਿਹਾ ਕਿ ਐਨਐਸਕੇਐਫਡੀਸੀ ਵੱਲੋਂ ਵੀ 29,448 ਲਾਭਪਾਤਰੀਆਂ ਨੂੰ 223.47 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਹੈ। ਇਸ ਨਾਲ ਸਵਰੋਜ਼ਗਾਰ ਅਤੇ ਛੋਟੇ ਕਾਰੋਬਾਰਾਂ ਨੂੰ ਮਜ਼ਬੂਤੀ ਮਿਲੀ ਹੈ। ਕੈਂਥ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਹਰ ਯੋਗ ਲਾਭਪਾਤਰੀ ਤੱਕ ਫਾਇਦਾ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਸਮਾਜ ਦੇ ਵੰਚਿਤ ਵਰਗਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande