
ਚੰਡੀਗੜ੍ਹ, 26 ਅਪ੍ਰੈਲ (ਹਿੰ.ਸ.)| ਪੰਜਾਬ ਪੁਲਿਸ ਵਿੱਚ ਨਕਲੀ ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਬੰਧਿਤ ਸਰਟੀਫਿਕੇਟ ਦੀ ਜਾਂਚ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਭੇਜਿਆ ਗਿਆ। ਜਾਂਚ ਦੌਰਾਨ ਇਹ ਦਸਤਾਵੇਜ਼ ਫਰਜ਼ੀ ਪਾਇਆ ਗਿਆ। ਬੋਰਡ ਨੇ ਤੁਰੰਤ ਕਾਰਵਾਈ ਕਰਦਿਆਂ ਸੰਬੰਧਿਤ ਵਿਅਕਤੀ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਅਤੇ ਨਕਲੀ ਸਰਟੀਫਿਕੇਟ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਪੱਤਰ ਲਿਖ ਕੇ ਅਗਲੀ ਕਾਨੂੰਨੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ। ਬੋਰਡ ਵੱਲੋਂ ਇਹ ਸਰਟੀਫਿਕੇਟ ਆਪਣੀ ਵੈੱਬਸਾਈਟ ‘ਤੇ ਵੀ ਅੱਪਲੋਡ ਕੀਤਾ ਗਿਆ ਹੈ ਤਾਂ ਜੋ ਹੋਰ ਲੋਕ ਠੱਗੀ ਦਾ ਸ਼ਿਕਾਰ ਨਾ ਬਣਨ।
ਮਿਲੀ ਜਾਣਕਾਰੀ ਅਨੁਸਾਰ ਇਹ ਸਰਟੀਫਿਕੇਟ ਮਾਰਚ 2011 ਦਾ ਸੀ। ਜਾਂਚ ਦੌਰਾਨ ਇਸ ਵਿੱਚ ਗੜਬੜ ਸਾਹਮਣੇ ਆਈ। ਸਰਟੀਫਿਕੇਟ ‘ਤੇ ਅਰਜ਼ੀਕਾਰ ਦਾ ਨਾਮ ਰਾਜਬੀਰ ਸਿੰਘ ਦਰਜ ਸੀ ਅਤੇ ਮਾਤਾ-ਪਿਤਾ ਦੇ ਨਾਮ ਵੀ ਮਿਲਦੇ ਸਨ, ਪਰ ਬੋਰਡ ਦੇ ਅਧਿਕਾਰਕ ਰਿਕਾਰਡ ਵਿੱਚ ਇਹ ਸਰਟੀਫਿਕੇਟ ਮੌਜੂਦ ਨਹੀਂ ਸੀ। ਬੋਰਡ ਦੇ ਅਧਿਕਾਰੀਆਂ ਮੁਤਾਬਕ ਹਰ ਮਹੀਨੇ 2000 ਤੋਂ ਵੱਧ ਸਰਟੀਫਿਕੇਟ ਜਾਂਚ ਲਈ ਆਉਂਦੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰੇਲਵੇ, ਭਾਰਤੀ ਫੌਜ ਅਤੇ ਪਾਸਪੋਰਟ ਦਫ਼ਤਰ ਨਾਲ ਸੰਬੰਧਿਤ ਕਈ ਨਕਲੀ ਸਰਟੀਫਿਕੇਟਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਫਰਜ਼ੀਵਾੜੇ ‘ਤੇ ਰੋਕ ਲਗਾਉਣ ਲਈ ਬੋਰਡ ਨੇ ਆਪਣੇ ਸਿਸਟਮ ਵਿੱਚ ਸੁਧਾਰ ਕੀਤੇ ਹਨ। ਹੁਣ ਸਰਟੀਫਿਕੇਟਾਂ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ ਅਤੇ ਡਿਜ਼ਿਟਲ ਵੈਰੀਫਿਕੇਸ਼ਨ (ਡੀਜੀ ਸਿਸਟਮ) ਲਾਗੂ ਕੀਤਾ ਗਿਆ ਹੈ, ਜਿਸ ਨਾਲ ਨਕਲੀ ਦਸਤਾਵੇਜ਼ਾਂ ਦੀ ਸੰਭਾਵਨਾ ਘੱਟ ਹੋ ਸਕੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH