
ਬਰਨਾਲਾ, 26 ਅਪ੍ਰੈਲ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸੀ.ਐੱਮ.ਦੀ ਯੋਗਸ਼ਾਲਾ” ਪ੍ਰੋਜੈਕਟ ਅਧੀਨ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ।
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ 264 ਯੋਗਾ ਕਲਾਸਾਂ ਸਵੇਰੇ-ਸ਼ਾਮ ਬਰਨਾਲਾ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਤੇ ਪਿੰਡਾਂ ਵਿੱਚ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 173 ਯੋਗਾ ਕਲਾਸਾਂ ਪਿੰਡਾਂ ਵਿੱਚ ਹੀ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ 9126 ਵਿਅਕਤੀ ਰੋਜ਼ਾਨਾ ਯੋਗਾ ਕਰਕੇ ਸਿਹਤਯਾਬ ਜੀਵਨਸ਼ੈਲੀ ਆਪਣਾ ਰਹੇ ਹਨ। ਇਹ ਯੋਗਾ ਕਲਾਸਾਂ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕ, ਧਰਮਸ਼ਾਲਾ ਆਦਿ ਵਿੱਚ ਲੱਗ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਦਾ ਸਮਾਂ ਲੋਕਾਂ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ। ਇਨ੍ਹਾਂ ਕਲਾਸਾਂ ਵਿੱਚ ਬੱਚੇ, ਨੌਜਵਾਨ, ਔਰਤਾਂ ਤੇ ਖਾਸ ਕਰਕੇ ਬਜ਼ੁਰਗ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਸਿਹਤਯਾਬ ਹੋ ਰਹੇ ਹਨ।
ਇਸ ਮੌਕੇ ਪਿੰਡ ਅਮਲਾ ਸਿੰਘ ਵਾਲਾ ਦੀ 73 ਸਾਲਾ ਗੁਰਮੇਲ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਆਪਣੇ ਪਿੰਡ ਵਿੱਚ ਯੋਗਾ ਕਲਾਸ ਲਾਉਂਦੀ ਹੈ ਤੇ ਕਰੀਬ 11 ਮਹੀਨਿਆਂ ਤੋਂ ਜਦੋਂ ਤੋਂ ਕਲਾਸ ਸ਼ੁਰੂ ਹੋਈ ਹੈ, ਉਹ ਰੋਜ਼ਾਨਾ ਯੋਗਾ ਕਰਦੀ ਹੈ। ਪਹਿਲਾਂ ਓਸਨੂੰ ਘਰ ਤੋਂ ਯੋਗਾ ਕਲਾਸ ਤਕ ਆਉਣਾ ਔਖਾ ਲਗਦਾ ਸੀ ਪਰ ਹੁਣ ਉਸਦੀ ਸਿਹਤ ਬਿਲਕੁਲ ਠੀਕ ਰਹਿੰਦੀ ਹੈ। ਇਸੇ ਤਰ੍ਹਾਂ ਅਮਲਾ ਸਿੰਘ ਵਾਲਾ ਦੀ 65 ਸਾਲਾ ਅੰਗਰੇਜ਼ ਕੌਰ ਨੇ ਦੱਸਿਆ ਕਿ ਉਹ ਵੀ ਮੁਫ਼ਤ ਯੋਗਾ ਕਲਾਸਾਂ ਲਗਾ ਰਹੀ ਹੈ ਅਤੇ ਸਿਹਤ ਪੱਖੋਂ ਓਸਨੂੰ ਚੰਗਾ ਮਹਿਸੂਸ ਹੁੰਦਾ ਹੈ। ਪਿੰਡ ਬਦਰਾ ਦੀ 60 ਸਾਲਾ ਚਰਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਿੰਡ ਵੀ ਰੋਜ਼ਾਨਾ ਕਲਾਸਾਂ ਲਗਦੀਆਂ ਹਨ ਤੇ ਓਹ ਰੋਜ਼ਾਨਾ ਯੋਗਾ ਕਰਦੀ ਹੈ। ਬਲਜੀਤ ਕੌਰ ਕਾਹਨੇਕੇ (72 ਸਾਲ) ਨੇ ਦੱਸਿਆ ਕਿ ਉਹਦੇ ਪਿੰਡ ਵਿੱਚ ਰੋਜ਼ਾਨਾ ਕਲਾਸਾਂ ਲੱਗ ਰਹੀਆਂ ਹਨ ਤੇ ਓਹ ਰੋਜ਼ ਯੋਗਾ ਕਰਦੀ ਹੈ।
ਯੋਗਾ ਕਲਾਸ ਸ਼ੁਰੂ ਕਰਵਾਉਣ ਲਈ ਪ੍ਰਕਿਰਿਆ : ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ/ਨਾਗਰਿਕ ਆਪਣੇ ਮੁਹੱਲੇ/ਗਲੀ/ਪਿੰਡ/ਸ਼ਹਿਰ/ ਵਿੱਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਇਲ ਨੰਬਰ 'ਤੇ ਮਿਸ ਕਾਲ ਕਰਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ। ਕਲਾਸ ਸ਼ੁਰੂ ਕਰਨ ਲਈ 25 ਵਿਅਕਤੀਆਂ ਦਾ ਇੱਕ ਗਰੁੱਪ ਅਤੇ ਕੋਈ ਵੀ ਸਾਂਝਾ ਸਥਾਨ ਪਾਰਕ/ਧਰਮਸ਼ਾਲਾ ਹੋਣਾ ਜ਼ਰੂਰੀ ਹੈ, ਜਿੱਥੇ 25 ਵਿਅਕਤੀ ਯੋਗਾ ਕਲਾਸ ਲਗਾ ਸਕਣ। ਪ੍ਰੋਜੈਕਟ ਦੀ ਜ਼ਿਲ੍ਹਾ ਕੋਆਰਡੀਨੇਟਰ ਰਸ਼ਪਿੰਦਰ ਕੌਰ ਬਰਾੜ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗਾ ਕਲਾਸ ਵਿੱਚ ਪਹੁੰਚ ਕੇ ਇਸ ਮੁਫ਼ਤ ਸੇਵਾ ਦਾ ਲਾਭ ਲੈਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ