
ਅਬੋਹਰ, 26 ਅਪ੍ਰੈਲ (ਹਿੰ.ਸ.)| ਅਬੋਹਰ ਦੇ ਪਟੇਲ ਪਾਰਕ ਨੇੜੇ ਇੱਕ ਘਰ ਵਿੱਚ 21 ਅਪ੍ਰੈਲ ਦੀ ਰਾਤ ਹੋਏ ਭਿਆਨਕ ਧਮਾਕੇ ‘ਚ ਗੰਭੀਰ ਤੌਰ ‘ਤੇ ਝੁਲਸੀ ਪੂਜਾ (ਪੁਤਰੀ ਕੁੰਦਨ ਲਾਲ) ਦੀ ਐਤਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੂਜਾ ਲਗਭਗ 90 ਫੀਸਦੀ ਤੱਕ ਝੁਲਸ ਗਈ ਸੀ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਫਰੀਦਕੋਟ ਮੈਡੀਕਲ ਕਾਲਜ ਤੋਂ ਬਾਅਦ ਦਿੱਲੀ ਦੇ ਐਮਸ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਨੇ ਪੰਜ ਦਿਨ ਬਾਅਦ ਦਮ ਤੋੜ ਦਿੱਤਾ।
ਇਹ ਧਮਾਕਾ ਘਰ ਦੇ ਵਿਚਕਾਰ ਬਣੀਆਂ ਦੁਕਾਨਾਂ ਵਿੱਚ ਹੋਇਆ ਸੀ, ਜਿਸ ਕਾਰਨ ਕੰਧਾਂ ਨੂੰ ਨੁਕਸਾਨ ਪਹੁੰਚਿਆ ਅਤੇ ਅੱਗ ਲੱਗ ਗਈ। ਧਮਾਕੇ ਦੇ ਅਸਲ ਕਾਰਨਾਂ ਬਾਰੇ ਸ਼ੁਰੂਆਤੀ ਤੌਰ ‘ਤੇ ਸਪਸ਼ਟ ਨਹੀਂ ਸੀ, ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫੋਰੈਂਸਿਕ ਟੀਮ ਨੇ ਸੈਂਪਲ ਜਾਂਚ ਲਈ ਭੇਜੇ ਹਨ।
ਐਸ.ਐਸ.ਪੀ. ਗੁਰਮੀਤ ਸਿੰਘ ਮੁਤਾਬਕ ਮੁਢਲੀ ਜਾਂਚ ‘ਚ ਧਮਾਕੇ ਦਾ ਕਾਰਨ ਜਨਰੇਟਰ ਦੇ ਪਿਸਟਨ ਦਾ ਫਟਣਾ ਅਤੇ ਉਸ ਨਾਲ ਬਣੀ ਗੈਸ ਨੂੰ ਮੰਨਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਪੂਜਾ ਤੋਂ ਇਲਾਵਾ ਉਸ ਦਾ ਭਰਾ ਦੀਪਕ, ਮਾਤਾ ਨੀਲਮ, ਇੱਕ ਢਾਬਾ ਚਾਲਕ ਅਤੇ ਇੱਕ ਗਾਹਕ ਵੀ ਝੁਲਸ ਗਏ ਸਨ। ਪੂਜਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਇਲਾਕੇ ਦੇ ਲੋਕ ਫਰੀਦਕੋਟ ਤੋਂ ਉਸ ਦਾ ਸ਼ਵ ਲਿਆਉਣ ਲਈ ਰਵਾਨਾ ਹੋ ਗਏ। ਮ੍ਰਿਤਕ ਦੇਹ ਆਉਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH