ਦਾਗੀ ਕਿਰਦਾਰ ਮਨਜ਼ੂਰ ਨਹੀਂ, ਸੁਖਬੀਰ ਬਾਦਲ ਜਾਂ ਮਜੀਠੀਆ ਖੁਦ ਖਡੂਰ ਸਾਹਿਬ ਤੋਂ ਚੋਣ ਲੜਨ : ਬ੍ਰਹਮਪੁਰਾ
ਤਰਨ ਤਾਰਨ, 26 ਅਪ੍ਰੈਲ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਵਿਕਾਸ ਅਤੇ ਪੰਥਕ ਰਵਾਇਤਾਂ ਦੀ ਰਾਖੀ ਕਰਨ ਵਾਲੀ ਸ਼ਹੀਦਾਂ ਦੀ ਜਥੇਬੰਦੀ ਰਹੀ ਹੈ ਅਤੇ ਇਸ ਪਾਰਟੀ ਦੇ ਮਿਹਨਤੀ ਵਰਕਰ ਹੀ ਇਸਦੀ ਅਸਲ ''ਰੀੜ੍ਹ ਦੀ ਹੱਡੀ'' ਹਨ। ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਾਗੀ ਅਨਸਰਾਂ ਤੋਂ ਬਚਾਉਣ
ਟਕਸਾਲੀ ਵਰਕਰਾਂ ਨਾਲ ਵਿਚਾਰਾਂ ਕਰਦੇ ਹੋਏ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ।


ਤਰਨ ਤਾਰਨ, 26 ਅਪ੍ਰੈਲ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਵਿਕਾਸ ਅਤੇ ਪੰਥਕ ਰਵਾਇਤਾਂ ਦੀ ਰਾਖੀ ਕਰਨ ਵਾਲੀ ਸ਼ਹੀਦਾਂ ਦੀ ਜਥੇਬੰਦੀ ਰਹੀ ਹੈ ਅਤੇ ਇਸ ਪਾਰਟੀ ਦੇ ਮਿਹਨਤੀ ਵਰਕਰ ਹੀ ਇਸਦੀ ਅਸਲ 'ਰੀੜ੍ਹ ਦੀ ਹੱਡੀ' ਹਨ। ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਾਗੀ ਅਨਸਰਾਂ ਤੋਂ ਬਚਾਉਣ ਅਤੇ ਇਲਾਕੇ ਨੂੰ ਨਸ਼ਾ-ਮੁਕਤ ਕਰਨ ਲਈ ਸ੍ਰੀ ਖਡੂਰ ਸਾਹਿਬ ਵਿਖੇ ਸਥਾਨਕ ਵਰਕਰਾਂ ਦੀ ਅਹਿਮ ਪਿੰਡ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।

ਇਸ ਮੌਕੇ ਬਹੁਤ ਹੀ ਸੰਜੀਦਾ ਵਿਚਾਰਾਂ ਸਾਂਝੀਆਂ ਕਰਦਿਆਂ ਬ੍ਰਹਮਪੁਰਾ ਨੇ ਪਾਰਟੀ ਹਾਈਕਮਾਨ ਨੂੰ ਬਹੁਤ ਹੀ ਸਤਿਕਾਰ ਸਹਿਤ ਇੱਕ ਡੂੰਘਾ ਸੁਨੇਹਾ ਦਿੱਤਾ। ਹਲਕਾ ਇੰਚਾਰਜ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਡੀ ਮਾਂ-ਪਾਰਟੀ ਦੇ ਸਿਰਮੌਰ ਹਨ। ਸਾਨੂੰ ਨਜ਼ਰਅੰਦਾਜ਼ ਕੀਤੇ ਜਾਣ ਜਾਂ ਕੋਈ ਅਹੁਦਾ ਨਾ ਮਿਲਣ ਦਾ ਕੋਈ ਰੋਸ ਨਹੀਂ ਹੈ, ਕਿਉਂਕਿ ਸੱਚੇ ਟਕਸਾਲੀ ਕਦੇ ਕੁਰਸੀਆਂ ਦੇ ਮੁਹਤਾਜ ਨਹੀਂ ਹੁੰਦੇ। ਅਸੀਂ ਪਾਰਟੀ ਲਈ ਆਮ ਵਰਕਰ ਬਣ ਕੇ ਦਰੀਆਂ ਵਿਛਾਉਣ ਨੂੰ ਵੀ ਤਿਆਰ ਹਾਂ, ਪਰ ਜਦੋਂ 8 ਗੁਰੂਆਂ ਦੀ ਪਵਿੱਤਰ ਧਰਤੀ 'ਤੇ ਨਸ਼ਿਆਂ ਦੇ ਸੰਗੀਨ ਦੋਸ਼ਾਂ ਵਾਲੇ 'ਦਾਗੀ ਅਨਸਰਾਂ' ਨੂੰ ਸਿਆਸੀ ਛਤਰੀ ਦੇ ਕੇ ਹਲਕਾ ਇੰਚਾਰਜ ਥਾਪਿਆ ਜਾਂਦਾ ਹੈ, ਤਾਂ ਸਾਡੇ ਸਿਧਾਂਤ ਸਾਨੂੰ ਚੁੱਪ ਨਹੀਂ ਰਹਿਣ ਦਿੰਦੇ। ਅਜਿਹੇ ਦਾਗੀ ਕਿਰਦਾਰਾਂ ਦੀ ਅਗਵਾਈ ਇਲਾਕੇ ਦੇ ਅਣਖੀਲੇ ਲੋਕਾਂ ਨੂੰ ਕਦੇ ਮਨਜ਼ੂਰ ਨਹੀਂ ਹੋਵੇਗੀ।

ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਨੂੰ ਖੁੱਲ੍ਹੀ ਪੇਸ਼ਕਸ਼ ਕਰਦਿਆਂ ਕਿਹਾ, ਜੇਕਰ ਪਾਰਟੀ ਨੂੰ ਲੱਗਦਾ ਹੈ ਕਿ ਇੱਥੇ ਕੋਈ ਯੋਗ ਉਮੀਦਵਾਰ ਨਹੀਂ ਹੈ, ਤਾਂ ਸੁਖਬੀਰ ਸਿੰਘ ਬਾਦਲ ਖੁਦ ਆ ਕੇ ਇੱਥੋਂ ਚੋਣ ਲੜ ਲੈਣ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਇੱਥੋਂ ਉਮੀਦਵਾਰ ਬਣਾ ਦੇਣ। ਅਸੀਂ ਟਕਸਾਲੀ ਵਰਕਰ ਦਿਨ-ਰਾਤ ਇੱਕ ਕਰਕੇ, ਖਡੂਰ ਸਾਹਿਬ ਦੀ ਸੀਟ ਵੱਡੇ ਫ਼ਰਕ ਨਾਲ ਜਿਤਾ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਪਰ ਪਾਰਟੀ ਦੀ ਸਾਖ਼ ਅਤੇ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਲਈ ਦਾਗੀ ਅਨਸਰਾਂ ਨੂੰ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਨਸ਼ਿਆਂ ਕਾਰਨ ਪਹਿਲਾਂ ਹੀ ਬਹੁਤ ਸਾਰੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਚੁੱਕੀਆਂ ਹਨ ਅਤੇ ਅਸੀਂ ਆਪਣੇ ਇਲਾਕੇ ਵਿੱਚ ਹੋਰ ਜਵਾਨੀ ਨੂੰ ਰੁਲਣ ਨਹੀਂ ਦਿਆਂਗੇ।

ਇਸ ਮੀਟਿੰਗ ਦੌਰਾਨ ਬੇਅਦਬੀ ਵਰਗੇ ਅਤਿ-ਸੰਵੇਦਨਸ਼ੀਲ ਮਾਮਲਿਆਂ ਵਿੱਚ, ਸਾਡੀ ਪ੍ਰਸ਼ਾਸਨ ਤੋਂ ਸਿੱਧੀ ਮੰਗ ਹੈ ਕਿ ਨਵੇਂ ਕਾਨੂੰਨਾਂ (ਬੀਐਨਐਸ - ਭਾਰਤੀ ਨਿਆਏ ਸੰਹਿਤਾ) ਦੀਆਂ ਸਖ਼ਤ ਧਾਰਾਵਾਂ ਤਹਿਤ ਪੁਲਿਸ ਵਿਭਾਗ ਆਪਣੀਆਂ ਐਸਓਪੀਜ਼ (ਮਿਆਰੀ ਸੰਚਾਲਨ ਪ੍ਰਕਿਰਿਆਵਾਂ) ਵਿੱਚ ਤੁਰੰਤ ਬਦਲਾਅ ਕਰੇ। ਅਜਿਹੇ ਮਾਮਲਿਆਂ ਵਿੱਚ ਸਰਕਾਰ ਖੁਦ ਮੁਦਈ (ਸ਼ਿਕਾਇਤਕਰਤਾ) ਬਣੇ ਅਤੇ ਅਦਾਲਤਾਂ ਵਿੱਚ ਦੋਸ਼ੀਆਂ ਖਿਲਾਫ਼ ਪੈਰਵੀ ਕਰੇ, ਤਾਂ ਜੋ ਕੋਈ ਵੀ ਦੋਸ਼ੀ ਕਾਨੂੰਨੀ ਚੋਰ-ਮੋਰੀਆਂ ਦਾ ਫ਼ਾਇਦਾ ਚੁੱਕ ਕੇ ਬਚ ਨਾ ਸਕੇ।

ਅੰਤ ਵਿੱਚ ਉਨ੍ਹਾਂ ਕਿਹਾ ਕਿ ਅੱਜ ਦੀ ਇਹ ਪਿੰਡ ਪੱਧਰੀ ਮੀਟਿੰਗ ਸਿਰਫ਼ ਇੱਕ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੀਟਿੰਗਾਂ ਪੂਰੇ ਹਲਕੇ ਵਿੱਚ ਕਰਕੇ ਪੰਥਕ ਜ਼ਮੀਰਾਂ ਨੂੰ ਜਗਾਇਆ ਜਾਵੇਗਾ ਅਤੇ ਮਾੜੇ ਅਨਸਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਲਾਡੀ ਸਾਬਕਾ ਬਲਾਕ ਸੰਮਤੀ ਮੈਂਬਰ, ਪਿਆਰਾ ਸਿੰਘ ਦੁਗਾਲਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਜਥੇਦਾਰ ਗੱਜਣ ਸਿੰਘ ਜਨਰਲ ਸਕੱਤਰ ਲੋਕਲ ਕਮੇਟੀ, ਸਰਬਜੀਤ ਸਿੰਘ ਬਾਣੀਆ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਖਡੂਰ ਸਾਹਿਬ, ਜਥੇਦਾਰ ਮੇਘ ਸਿੰਘ, ਜਥੇਦਾਰ ਰਣਜੀਤ ਸਿੰਘ ਪੱਪੂ ਆਦਿ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande