
ਚੰਡੀਗੜ੍ਹ, 26 ਅਪ੍ਰੈਲ (ਹਿੰ.ਸ.)| ਅਖੰਡ ਕੀਰਤਨੀ ਜਥੇ ਨਾਲ ਜੁੜੇ ਪ੍ਰਸਿੱਧ ਗੁਰਮਤਿ ਪ੍ਰਚਾਰਕ ਭਾਈ ਭਰਪੂਰ ਸਿੰਘ ਸਮਾਣਾ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਉਹ 26 ਅਪ੍ਰੈਲ ਦੀ ਸਵੇਰ ਲਗਭਗ ਢਾਈ ਵਜੇ ਆਪਣੇ ਪਿੰਡ ਗਾਜੇਵਾਸ ਤੋਂ ਮੋਟਰਸਾਈਕਲ ‘ਤੇ ਸਮਾਣਾ ਵੱਲ ਜਾ ਰਹੇ ਸਨ, ਜਿੱਥੇ ਉਹ ਰੋਜ਼ਾਨਾ ਗੁਰਬਾਣੀ ਸੰਥਿਆ ਅਤੇ ਕੀਰਤਨ ਦੀ ਸਿੱਖਿਆ ਦਿੰਦੇ ਸਨ।
ਜਾਣਕਾਰੀ ਅਨੁਸਾਰ, ਸਮਾਣਾ-ਭਵਾਨੀਗੜ੍ਹ ਰੋਡ ‘ਤੇ ਪਿੰਡ ਬੰਮਣਾ ਨੇੜੇ ਉਨ੍ਹਾਂ ਦੀ ਮੋਟਰਸਾਈਕਲ ਦੀ ਟੱਕਰ ਬਿਨਾਂ ਲਾਈਟਾਂ ਵਾਲੀ ਪਰਾਲੀ ਨਾਲ ਭਰੀ ਟਰਾਲੀ ਨਾਲ ਹੋ ਗਈ। ਟੱਕਰ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਸੜਕ ‘ਤੇ ਡਿੱਗ ਪਏ। ਰਾਹਗੀਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਸਿਰ ਵਿੱਚ ਗੰਭੀ ਸੱਟ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਲਗਭਗ 57 ਸਾਲਾਂ ਦੇ ਭਾਈ ਭਰਪੂਰ ਸਿੰਘ ਆਪਣੇ ਪਿੱਛੇ ਪਤਨੀ, ਪੁੱਤਰ, ਨੂੰਹ ਅਤੇ ਧੀ ਛੱਡ ਗਏ ਹਨ। ਉਹ ਕੈਨੇਡਾ ਆਧਾਰਿਤ ਗੁਰਮਤਿ ਬਿਬੇਕ ਸੰਸਥਾ ਦੇ ਬਾਨੀ ਭਾਈ ਕੁਲਬੀਰ ਸਿੰਘ ਟੋਰਾਂਟੋ ਦੇ ਪਰਿਵਾਰ ਨਾਲ ਵੀ ਸੰਬੰਧਿਤ ਸਨ। ਭਾਈ ਭਰਪੂਰ ਸਿੰਘ ਸਮਾਣਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਨਿਰੰਤਰ ਗੁਰਮਤਿ ਪ੍ਰਚਾਰ ਲਈ ਜਾਣੇ ਜਾਂਦੇ ਸਨ। ਉਹ ਸਵੇਰੇ ਤੇ ਸ਼ਾਮ ਮੋਟਰਸਾਈਕਲ ਰਾਹੀਂ ਕਈ ਪਿੰਡਾਂ ਵਿੱਚ ਜਾ ਕੇ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਨੂੰ ਗੁਰਬਾਣੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਦਿੰਦੇ ਸਨ। ਉਨ੍ਹਾਂ ਦੀ ਨਿਸ਼ਕਾਮ ਸੇਵਾ ਕਾਰਨ ਵੱਡੀ ਗਿਣਤੀ ਨੌਜਵਾਨ ਸਿੱਖੀ ਨਾਲ ਜੁੜ ਰਹੇ ਸਨ। ਉਨ੍ਹਾਂ ਦਾ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ’ਚ ਸਿੱਖ ਸੰਗਤ ਨੇ ਪਹੁੰਚ ਕੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ।
ਹਿੰਦੂਸਥਾਨ ਸਮਾਚਾਰ / GURSHARAN SINGH