ਡੀਐਮ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਜਾਂਚ ਤੋਂ ਪਰਿਵਾਰ ਨਾਖੁਸ਼,ਇਨਸਾਫ਼ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ
ਅੰਮ੍ਰਿਤਸਰ, 26 ਅਪ੍ਰੈਲ (ਹਿੰ.ਸ.)| ਵੇਅਰਹਾਊਸ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ‘ਚ ਪਰਿਵਾਰ ਨੇ ਐਤਵਾਰ ਨੂੰ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਮੁੜ ਇਨਸਾਫ਼ ਦੀ ਮੰਗ ਉਠਾਈ। ਪਰਿਵਾਰ ਦਾ ਦਾਅਵਾ ਹੈ ਕਿ ਘਟਨਾ ਨੂੰ 35 ਦਿਨ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਵਿੱਚ ਕੋਈ ਢ
ਡੀਐਮ ਗਗਨਦੀਪ ਸਿੰਘ ਰੰਧਾਵਾ ਦਾ ਪਰਿਵਾਰ ਜਾਣਕਾਰੀ ਦਿੰਦਾ ਹੋਇਆ।


ਅੰਮ੍ਰਿਤਸਰ, 26 ਅਪ੍ਰੈਲ (ਹਿੰ.ਸ.)| ਵੇਅਰਹਾਊਸ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ‘ਚ ਪਰਿਵਾਰ ਨੇ ਐਤਵਾਰ ਨੂੰ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਮੁੜ ਇਨਸਾਫ਼ ਦੀ ਮੰਗ ਉਠਾਈ। ਪਰਿਵਾਰ ਦਾ ਦਾਅਵਾ ਹੈ ਕਿ ਘਟਨਾ ਨੂੰ 35 ਦਿਨ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਵਿੱਚ ਕੋਈ ਢੰਗ ਦੀ ਤਰੱਕੀ ਨਹੀਂ ਹੋਈ।

ਮ੍ਰਿਤਕ ਦੀ ਪਤਨੀ ਉਪਿੰਦਰ ਕੌਰ ਨੇ ਕਿਹਾ ਕਿ ਹੁਣ ਉਹ ਇਨਸਾਫ਼ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਦੱਸਿਆ ਕਿ ਮਜ਼ਬੂਰੀ ਵਜੋਂ ਉਨ੍ਹਾਂ ਨੂੰ ਦੁਬਾਰਾ ਮੀਡੀਆ ਸਾਹਮਣੇ ਆਉਣਾ ਪਿਆ ਹੈ ਕਿਉਂਕਿ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।

ਪਰਿਵਾਰ ਨੇ ਪੁਲਿਸ ਜਾਂਚ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਸਿਰਫ਼ ਇੱਕ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਹੋਰ ਕਈ ਸ਼ੱਕੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਪੱਖਪਾਤ ਪੂਰਨ ਲੱਗ ਰਹੀ ਹੈ ਅਤੇ ਸੱਚਾਈ ਸਾਹਮਣੇ ਨਹੀਂ ਲਿਆਂਦੀ ਜਾ ਰਹੀ।

ਉਪਿੰਦਰ ਕੌਰ ਨੇ ਕਿਹਾ, “ਸਾਨੂੰ ਸਿਰਫ਼ ਇਨਸਾਫ਼ ਚਾਹੀਦਾ ਹੈ।” ਉਨ੍ਹਾਂ ਸਰਕਾਰ ‘ਤੇ ਵੀ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਨਸਾਫ਼ ਦੇ ਭਰੋਸੇ ਦਿੱਤੇ ਗਏ ਸਨ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਰਾਜਨੀਤਿਕ ਨੇਤਾ ਮਿਲਣ ਆਏ ਸਨ ਅਤੇ ਮਦਦ ਦਾ ਭਰੋਸਾ ਦਿੱਤਾ ਸੀ, ਪਰ ਹੁਣ ਗਿਣਤੀ ਦੇ ਲੋਕ ਹੀ ਸੰਪਰਕ ਵਿੱਚ ਹਨ।

ਪਰਿਵਾਰ ਨੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਅਤੇ ਨਿਰਪੱਖ ਜਾਂਚ ਨਹੀਂ ਹੁੰਦੀ, ਉਹ ਆਪਣੀ ਲੜਾਈ ਜਾਰੀ ਰੱਖਣਗੇ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਹੁਣ ਉਹ ਇਸ ਮਾਮਲੇ ਵਿੱਚ ਹਾਈਕੋਰਟ ਦਾ ਰੁਖ ਕਰਨਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande