
ਚੰਡੀਗੜ੍ਹ, 27 ਅਪ੍ਰੈਲ (ਹਿੰ.ਸ.)| ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪੇਮਾਰੀ ਕੀਤੀ ਗਈ।
ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਕੀਤੀ ਗਈ ਰੇਡ ਦੌਰਾਨ ਭੁੱਲਰ ਦੇ ਚੰਡੀਗੜ੍ਹ ਘਰ ਅਤੇ ਫਾਰਮਹਾਊਸ ਤੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਸੀ। ਜ਼ਬਤੀ ਵਿੱਚ ਲਗਭਗ 7.36 ਕਰੋੜ ਰੁਪਏ ਕੈਸ਼, ਕਰੀਬ 2.5 ਕਿਲੋ ਸੋਨਾ, ਕਰੀਬ 2.32 ਕਰੋੜ ਦੀ ਚਾਂਦੀ ਦੇ ਗਹਿਣੇ ਅਤੇ 26 ਮਹਿੰਗੀਆਂ ਘੜੀਆਂ (ਰੋਲੇਕਸ ਅਤੇ ਰਾਡੋ ਵਰਗੇ ਬ੍ਰਾਂਡ) ਸ਼ਾਮਲ ਹਨ।
ਇਸ ਤੋਂ ਇਲਾਵਾ, ਪਰਿਵਾਰ ਦੇ ਨਾਂ ‘ਤੇ 50 ਤੋਂ ਵੱਧ ਅਚੱਲ ਸੰਪਤੀਆਂ ਦੇ ਦਸਤਾਵੇਜ਼, ਮਰਸਿਡੀਜ਼ ਅਤੇ ਆਡੀ ਵਰਗੀਆਂ ਲਗਜ਼ਰੀ ਕਾਰਾਂ, 4 ਹਥਿਆਰ ਅਤੇ 108 ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ।
ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ 16 ਅਕਤੂਬਰ 2025 ਨੂੰ ਮੋਹਾਲੀ ਵਿਖੇ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਇਕ ਕਬਾੜ ਕਾਰੋਬਾਰੀ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 5 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਕਾਰੋਬਾਰੀ ਦੇ ਅਨੁਸਾਰ, ਭੁੱਲਰ 2023 ਵਿੱਚ ਦਰਜ ਇੱਕ ਪੁਰਾਣੇ ਕੇਸ ਨੂੰ ‘ਸੈਟਲ’ ਕਰਨ ਅਤੇ ਭਵਿੱਖ ਵਿੱਚ ਸੁਰੱਖਿਆ ਦੇਣ ਦੇ ਬਦਲੇ ਮਹੀਨਾਵਾਰ ਰਿਸ਼ਵਤ ਮੰਗ ਰਹੇ ਸਨ। ਇਸ ਮਾਮਲੇ ‘ਚ ਉਨ੍ਹਾਂ ‘ਤੇ ਭਾਰਤੀ ਨਿਆਇ ਸੰਹਿਤਾ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਅਧੀਨ ਕੇਸ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ 29 ਅਕਤੂਬਰ 2025 ਨੂੰ ਸੀਬੀਆਈ ਨੇ ਉਨ੍ਹਾਂ ‘ਤੇ ਆਮਦਨ ਤੋਂ ਵੱਧ ਸੰਪਤੀ ਦਾ ਇਕ ਹੋਰ ਕੇਸ ਦਰਜ ਕੀਤਾ। ਭੁੱਲਰ 17 ਅਕਤੂਬਰ 2025 ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਿਆਂਇਕ ਹਿਰਾਸਤ ‘ਚ ਹਨ ਅਤੇ ਅਦਾਲਤ ਵੱਲੋਂ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਹਿਰਾਸਤ ਵਧਾਈ ਜਾਂਦੀ ਰਹੀ ਹੈ। ਹਾਲ ਹੀ ਵਿੱਚ ਅਪ੍ਰੈਲ 2026 ਵਿੱਚ ਵੀ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH