
ਚੰਡੀਗੜ੍ਹ, 27 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਤਿੱਖੀ ਧੁੱਪ ਅਤੇ ਉਮਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਤਾਪਮਾਨ ਵਿੱਚ ਹਲਕੀ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ, ਪਰ ਇਹ ਅਜੇ ਵੀ ਆਮ ਤੋਂ 3.3 ਡਿਗਰੀ ਵੱਧ ਹੈ। ਸੂਬੇ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 43.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 27 ਤੋਂ 30 ਅਪ੍ਰੈਲ ਤੱਕ ਹੀਟਵੇਵ, ਗਰਮ ਰਾਤਾਂ ਅਤੇ ਹਨ੍ਹੇਰੀ-ਤੂਫਾਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਬਿਜਲੀ ਚਮਕਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 1 ਮਈ ਨੂੰ ਕੁਝ ਰਾਹਤ ਮਿਲ ਸਕਦੀ ਹੈ, ਪਰ 2 ਮਈ ਤੋਂ ਫਿਰ ਗਰਮੀ ਵੱਧਣ ਦੇ ਆਸਾਰ ਹਨ।
ਅੱਜ ਦੇ ਮੌਸਮ ਅਨੁਸਾਰ 7 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ—ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਆੰਧੀ-ਤੂਫਾਨ ਦੀ ਸੰਭਾਵਨਾ ਹੈ। ਜਦਕਿ ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ।
ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ (40.8), ਲੁਧਿਆਣਾ (42.4), ਪਟਿਆਲਾ (42.4), ਬਠਿੰਡਾ (43.7), ਐਸਬੀਐਸ ਨਗਰ (40.5), ਫਰੀਦਕੋਟ (42.8) ਅਤੇ ਰੂਪਨਗਰ (41.4) ਵਿੱਚ ਪਾਰਾ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਜਦਕਿ ਅੰਮ੍ਰਿਤਸਰ, ਪਠਾਨਕੋਟ, ਫਾਜ਼ਿਲਕਾ, ਫਿਰੋਜ਼ਪੁਰ, ਹੋਸ਼ਿਆਰਪੁਰ ਅਤੇ ਮੋਗਾ ਵਿੱਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਰਿਹਾ।
ਮੌਸਮ ਵਿਗਿਆਨੀਆਂ ਦੇ ਅਨੁਸਾਰ ਇੱਕ ਪੱਛਮੀ ਵਿਗਾੜ ਸਰਗਰਮ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ। 27 ਅਪ੍ਰੈਲ ਤੋਂ 2 ਮਈ ਤੱਕ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਕਮੀ ਆ ਸਕਦੀ ਹੈ। ਆਉਣ ਵਾਲੇ ਦਿਨਾਂ ਦਾ ਮੌਸਮ ਅਨੁਮਾਨ
28 ਅਪ੍ਰੈਲ: ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 40–50 ਕਿਮੀ/ਘੰਟਾ ਦੀ ਰਫ਼ਤਾਰ ਨਾਲ ਹਵਾਵਾਂ, ਬਿਜਲੀ ਅਤੇ ਬਾਰਿਸ਼,
29 ਅਪ੍ਰੈਲ: 14 ਜ਼ਿਲ੍ਹਿਆਂ ਵਿੱਚ ਆੰਧੀ-ਤੂਫਾਨ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼,
30 ਅਪ੍ਰੈਲ: 8 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH