
ਬਰਨਾਲਾ, 27 ਅਪ੍ਰੈਲ (ਹਿੰ.ਸ.)। ਪੰਜਾਬ ਸਰਕਾਰ ਵਲੋਂ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚਾ ਮੁਹਈਆ ਕਰਵਾਇਆ ਜਾ ਰਿਹਾ ਹੈ, ੳੱਥੇ ਹੀ ਆਂਗਣਵਾੜੀ ਸੈਂਟਰਾਂ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ 25 ਪਿੰਡਾਂ ਵਿਚ ਢਾਈ ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਆਂਗਣਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਬਣਾਈਆਂ ਗਈਆਂ ਹਨ ਅਤੇ ਪ੍ਰਤੀ ਆਂਗਣਵਾੜੀ ਕੇਂਦਰ 10 ਲੱਖ ਰੁਪਏ ਖਰਚੇ ਗਏ ਹਨ। ਇਸ ਤੋਂ ਇਲਾਵਾ 30.87 ਲੱਖ ਰੁਪਏ ਦੀ ਲਾਗਤ ਨਾਲ 15 ਪਿੰਡਾਂ ਵਿਚ ਇਮਾਰਤਾਂ ਦੀ ਮੁਰੰਮਤ ਕਰਕੇ ਨਵੀਨੀਕਰਨ ਕੀਤਾ ਗਿਆ ਹੈ ਜਦਕਿ ਇਕ ਹੋਰ ਪਿੰਡ ਵਿੱਚ ਕੰਮ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਬਰਨਾਲਾ ਵਿੱਚ ਕੋਠੇ ਨਿਰੰਜਨ ਸਿੰਘ ਵਾਲਾ, ਝਲੂਰ, ਸੇਖਾ, ਕਰਮਗੜ੍ਹ, ਪੰਧੇਰ, ਨੰਗਲ, ਅਸਪਾਲ ਕਲਾਂ, ਭੈਣੀ ਮਹਿਰਾਜ, ਕਾਲੇਕੇ, ਹਮੀਦੀ, ਭੈਣੀ ਫੱਤਾ, ਬਲਾਕ ਸ਼ਹਿਣਾ ਵਿੱਚ ਬਖਤਗੜ੍ਹ, ਨੈਣੇਵਾਲ, ਪੱਖੋਕੇ, ਢਿੱਲਵਾਂ, ਧੌਲਾ ਅਤੇ ਬਲਾਕ ਮਹਿਲ ਕਲਾਂ ਵਿੱਚ ਵਜੀਦਕੇ ਕਲਾਂ, ਧਨੇਰ, ਕੁਰੜ, ਛਾਪਾ, ਗਾਗੇਵਾਲ, ਪੰਡੋਰੀ, ਚੰਨਣਵਾਲ, ਮਹਿਲ ਕਲਾਂ ਪਿੰਡਾਂ ਵਿਚ ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਪੰਚਾਇਤੀ ਰਾਜ ਵਲੋਂ ਜਿਹੜੇ ਪਿੰਡਾਂ ਵਿਚ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਿੰਡ ਖੁੱਡੀ ਕਲਾਂ, ਸੋਹਲ ਪੱਤੀ, ਮਨਾਲ਼, ਉਪਲੀ ਦੇ 2 ਸੈਂਟਰ, ਦਾਨਗੜ੍ਹ, ਭੱਠਲਾਂ, ਹਰੀਗੜ੍ਹ, ਅਸਪਾਲ ਕਲਾਂ, ਰਾਜੀਆ, ਰੂੜੇਕੇ ਕਲਾਂ, ਸਹਿਜੜਾ, ਜੋਧਪੁਰ, ਬਖਤਗੜ੍ਹ ਅਤੇ ਵਿਧਾਤੇ ਸ਼ਾਮਲ ਹੈ। ਇਸ ਤੋਂ ਇਲਾਵਾ ਪਿੰਡ ਗੁੰਮਟੀ ਵਿੱਚ ਕੰਮ ਜਲਦ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਸਹੂਲਤ ਲਈ ਨਵਾਂ ਫਰਨੀਚਰ ਅਤੇ ਬਰਤਨ ਆਦਿ ਵੀ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐੱਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 669 ਆਂਗਣਵਾੜੀ ਸੈਂਟਰ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਨੂੰ ਕਰੀਬ 67 ਲੱਖ ਦੀ ਲਾਗਤ ਨਾਲ ਫਰਨੀਚਰ ਅਤੇ ਬਰਤਨ ਲੋੜ ਅਨੁਸਾਰ ਮੁਹੱਈਆ ਕਰਾਏ ਗਏ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ 0-6 ਸਾਲ ਦੇ ਬੱਚਿਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਦੇ ਵਿਕਾਸ ਲਈ ਆਂਗਣਵਾੜੀ ਕੇਂਦਰਾਂ ਵਿੱਚ ਸਮੇਂ-ਸਮੇਂ ਉੱਤੇ ਟੀਕਾਕਰਣ ਕੀਤਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ