
ਅੰਮ੍ਰਿਤਸਰ, 27 ਅਪ੍ਰੈਲ (ਹਿੰ.ਸ.)| ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਐਸਐਚਓ ਨੂੰ 2 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਅਧਿਕਾਰੀ ਦੀ ਪਹਿਚਾਣ ਸ਼ਸ਼ਪਾਲ ਸਿੰਘ ਵਜੋਂ ਹੋਈ ਹੈ, ਜੋ ਭਿੰਡੀ ਸੈਦਾਂ ਥਾਣੇ ਵਿੱਚ ਤਾਇਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹੈਰੋਇਨ ਦੀ ਇੱਕ ਖੇਪ ਭੇਜੀ ਗਈ ਸੀ। ਇਸ ਬਾਰੇ ਸੂਚਨਾ ਮਿਲਣ ‘ਤੇ ਐਸਐਚਓ ਸ਼ਸ਼ਪਾਲ ਸਿੰਘ ਮੌਕੇ ‘ਤੇ ਪਹੁੰਚਿਆ ਅਤੇ ਖੇਪ ਆਪਣੇ ਕਬਜ਼ੇ ਵਿੱਚ ਲੈ ਲਈ। ਨਿਯਮਾਂ ਅਨੁਸਾਰ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਕੇ ਹੈਰੋਇਨ ਨੂੰ ਪੁਲਿਸ ਹਿਰਾਸਤ ਵਿੱਚ ਦਰਜ ਕਰਨਾ ਲਾਜ਼ਮੀ ਸੀ, ਪਰ ਦੋਸ਼ ਹੈ ਕਿ ਉਸਨੇ ਇਸਨੂੰ ਰਿਕਾਰਡ ਵਿੱਚ ਦਰਜ ਕਰਨ ਦੀ ਬਜਾਏ ਖੁਦ ਹੀ ਗਾਇਬ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਨੂੰ ਜਿਵੇਂ ਹੀ ਇਸ ਗੜਬੜ ਬਾਰੇ ਸੂਚਨਾ ਮਿਲੀ, ਤੁਰੰਤ ਕਾਰਵਾਈ ਕਰਦਿਆਂ ਐਸਐਚਓ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਐਸਐਸਪੀ ਸੋਹੇਲ ਮੀਰ ਵੱਲੋਂ ਉਸਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ, ਦੋਸ਼ੀ ਨੇ ਕੁਝ ਹੈਰੋਇਨ ਆਪਣੇ ਕੋਲ ਰੱਖੀ ਜਦਕਿ ਬਾਕੀ ਨੂੰ ਨਸ਼ਟ ਕਰ ਦਿੱਤਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸਨੇ ਮਾਮਲੇ ਨੂੰ ਅਧਿਕਾਰਕ ਰਿਕਾਰਡ ਵਿੱਚ ਦਰਜ ਨਹੀਂ ਕੀਤਾ, ਜੋ ਕਿ ਗੰਭੀਰ ਉਲੰਘਣਾ ਹੈ।
ਸੋਮਵਾਰ ਨੂੰ ਦੋਸ਼ੀ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਵੱਲੋਂ ਉਸ ਨਾਲ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH