ਮਾਨਸੂਨ ਤੋਂ ਪਹਿਲਾਂ ਹੜ੍ਹ ਰੋਕੂ ਪ੍ਰਬੰਧ ਤੇਜ਼, ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਜਾਰੀ: ਬਰਿੰਦਰ ਗੋਇਲ
ਅੰਮ੍ਰਿਤਸਰ, 28 ਅਪ੍ਰੈਲ (ਹਿੰ.ਸ.)| ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਬੀ.ਓ.ਪੀ. ਸ਼ਾਹਪੁਰ ਵਿਖੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ‘ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਧਾਲੀਵਾਲ ਅਤੇ ਜਲ ਸਰੋਤ ਵਿਭਾਗ ਦੇ ਉੱਚ
ਜਾਇਜਾ ਲੈਂਦੇ ਹੋਏ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਤੇ ਕੁਲਦੀਪ ਸਿੰਘ ਧਾਲੀਵਾਲ।


ਅੰਮ੍ਰਿਤਸਰ, 28 ਅਪ੍ਰੈਲ (ਹਿੰ.ਸ.)| ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਬੀ.ਓ.ਪੀ. ਸ਼ਾਹਪੁਰ ਵਿਖੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ‘ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਧਾਲੀਵਾਲ ਅਤੇ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਪਿਛਲੇ ਸਾਲ ਆਏ ਹੜ੍ਹਾਂ ਕਾਰਨ ਇਸ ਥਾਂ ‘ਤੇ ਧੁੱਸੀ ਬੰਨ੍ਹ ਵਿੱਚ ਵੱਡਾ ਪਾੜ ਪਿਆ ਸੀ, ਜਿਸ ਤੋਂ ਬਾਅਦ ਵਿਭਾਗ ਵੱਲੋਂ ਇਸ ਨੂੰ ਪੂਰ ਕੇ ਹੁਣ ਪੱਥਰ ਲਗਾ ਕੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ‘ਤੇ ਲਗਭਗ 4 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਮੰਤਰੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਲਈ ਕਰੀਬ 600 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਸੰਭਾਵਿਤ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਤੋਂ ਬਾਅਦ ਚਾਰ ਮੁੱਖ ਦਰਿਆਵਾਂ ‘ਤੇ ਨਿਗਰਾਨ ਇੰਜੀਨੀਅਰਾਂ ਦੀ ਅਗਵਾਈ ਹੇਠ ਕਮੇਟੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵੱਲੋਂ 132 ਨਾਜ਼ੁਕ ਥਾਵਾਂ ਦੀ ਪਹਿਚਾਣ ਕੀਤੀ ਗਈ। ਇਨ੍ਹਾਂ ਥਾਵਾਂ ‘ਤੇ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਜਾਰੀ ਹਨ ਅਤੇ ਇਹ ਸਾਰੇ ਕੰਮ 30 ਜੂਨ 2026 ਤੱਕ ਮੁਕੰਮਲ ਕਰਨ ਦਾ ਲਕਸ਼ ਹੈ। ਮੰਤਰੀ ਨੇ ਦੱਸਿਆ ਕਿ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਵਿੱਚ 23 ਥਾਵਾਂ ‘ਤੇ ਪਾੜ ਪਏ ਸਨ, ਜਿਨ੍ਹਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਦਰਿਆ ਦੀ ਡੀ-ਸਿਲਟਿੰਗ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਤਾਂ ਜੋ ਪਾਣੀ ਦੇ ਵਹਾਅ ਵਿੱਚ ਰੁਕਾਵਟ ਨਾ ਆਵੇ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋਂ ਹੜ੍ਹ ਰੋਕਥਾਮ ਲਈ ਫਿਨਲੈਂਡ ਤੋਂ ਉੱਨਤ ਐਂਫੀਬੀਅਸ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ, ਜੋ ਪਾਣੀ ਅਤੇ ਜ਼ਮੀਨ ਦੋਹਾਂ ‘ਤੇ ਕੰਮ ਕਰਨ ਦੇ ਯੋਗ ਹਨ। ਇਹ ਮਸ਼ੀਨਾਂ ਡੂੰਘੀ ਸਫਾਈ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਣਗੀਆਂ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਿਰ ਕੀਤੇ ਜਾ ਰਹੇ ਇਹ ਪ੍ਰਬੰਧ ਲੋਕਾਂ ਦੇ ਜਾਨ-ਮਾਲ ਦੀ ਰਾਖੀ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਮਾਨਸੂਨ ਤੋਂ ਪਹਿਲਾਂ ਸਾਰੇ ਪ੍ਰਬੰਧ ਪੂਰੇ ਕਰ ਲਏ ਜਾਣਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande