
ਚੰਡੀਗੜ੍ਹ, 28 ਅਪ੍ਰੈਲ (ਹਿੰ.ਸ.)। ਕਿਸਾਨ ਅੰਦੋਲਨ ਦੌਰਾਨ ਔਰਤਾਂ ਅਤੇ ਮਾਤਾ ਮਹਿੰਦਰ ਕੌਰ ਖਿਲਾਫ਼ ਕਥਿਤ ਟਿੱਪਣੀ ਕਰਨ ਨੂੰ ਲੈ ਕੇ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਸਬੰਧਿਤ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਅੱਜ ਹੋਣ ਵਾਲੀ ਸੁਣਵਾਈ ਟਲ਼ ਗਈ। ਇਸ ਦੌਰਾਨ ਕੰਗਣਾ ਰਣੌਤ ਦੇ ਵਕੀਲ ਵੱਲੋਂ ਮਾਣਹਾਨੀ ਮਾਮਲੇ ਦੇ ਮੁੱਖ ਗਵਾਹ ਕਿਸਾਨ ਸੁਰਜੀਤ ਸਿੰਘ ਫੂਲ ਤੋਂ ਸਵਾਲ ਜਵਾਬ ਕੀਤੇ ਜਾਣੇ ਸਨ, ਪਰ ਸਿਹਤ ਠੀਕ ਨਾ ਹੋਣ ਕਾਰਨ ਸੁਰਜੀਤ ਸਿੰਘ ਫੂਲ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਦੇ ਚੱਲਦੇ ਕੰਗਣਾ ਰਨੌਤ ਦੇ ਵਕੀਲ ਵੱਲੋਂ ਅਦਾਲਤ ਤੋਂ ਮੁੜ ਤਰੀਕ ਲਈ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਵਾਲੀ ਸੀ, ਪਰ ਨਾ ਤਾਂ ਕੰਗਨ ਰਣੌਤ ਖੁਦ ਅਦਾਲਤ ਵਿੱਚ ਪੇਸ਼ ਹੋਈ ਅਤੇ ਨਾ ਹੀ ਅਹਿਮ ਗਵਾਹ ਪੇਸ਼ ਹੋ ਸਕੇ, ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ ਲਈ 12 ਮਈ ਦੀ ਤਰੀਕ ਤੈਅ ਕੀਤੀ ਹੈ। ਇਸ ਦੌਰਾਨ ਮਾਤਾ ਮਹਿੰਦਰ ਕੌਰ ਦੇ ਵਕੀਲ ਰਘੁਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਨੇ ਪਹਿਲਾਂ ਸੁਰਜੀਤ ਸਿੰਘ ਦੀ ਗਵਾਹੀ ਕਰਵਾਉਣ ਦੀ ਗੱਲ ਆਖੀ ਸੀ। ਸੁਰਜੀਤ ਸਿੰਘ ਦੀ ਗੈਰਹਾਜ਼ਰੀ ਕਾਰਨ, ਕੰਗਨਾ ਰਣੌਤ ਦੇ ਵਕੀਲ ਨੇ ਮਾਤਾ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਤੋਂ ਸਵਾਲ-ਜਵਾਬ ਲਈ ਅਗਲੀ ਤਾਰੀਖ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਕਿਸਾਨ ਅੰਦੋਲਨ ਨਾਲ ਸਬੰਧਤ ਹੈ। ਦੋਸ਼ ਹੈ ਕਿ ਇੱਕ ਪੋਸਟ ਰਾਹੀਂ ਕੰਗਨਾ ਨੇ ਕਥਿਤ ਤੌਰ 'ਤੇ ਕਿਹਾ ਕਿ ਅਜਿਹੀਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਲਈ 100-100 ਰੁਪਏ ਲੈ ਕੇ ਆਉਂਦੀਆਂ ਹਨ। ਮਹਿੰਦਰ ਕੌਰ ਨੇ ਉਦੋਂ ਤੋਂ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਇਹ ਮਾਮਲਾ ਹਾਈਕੋਰਟ ਅਤੇ ਸੁਪਰੀਮ ਕੋਰਟ ਵੀ ਪਹੁੰਚਿਆ ਪਰ ਉਥੇ ਵੀ ਕੰਗਣਾ ਰਣੌਤ ਨੂੰ ਰਾਹਤ ਨਹੀਂ ਮਿਲੀ। ਕੰਗਣਾ ਰਣੌਤ ਨੇ ਇਸ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਸੀ ਜੋ ਕਿ ਖਾਰਜ ਕਰ ਦਿੱਤੀ ਗਈ ਤਾਂ ਉਸਨੇ ਫਿਰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਅਪੀਲ ਪਾਈ, ਜਿਸਨੂੰ ਅਦਾਲਤ ਨੇ ਨਕਾਰ ਦਿੱਤਾ ਅਤੇ ਜਿਸ ਤੋਂ ਬਾਅਦ ਕੰਗਣਾ ਰਣੌਤ ਨੂੰ ਬੀਤੇ ਸਾਲ ਅਕਤੂਬਰ ਮਹੀਨੇ ਭਾਰੀ ਸੁਰੱਖਿਆ ਹੇਠ ਨਿੱਜੀ ਤੌਰ 'ਤੇ ਪੇਸ਼ ਹੋਣਾ ਪਿਆ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ