
ਹੁਸ਼ਿਆਰਪੁਰ, 28 ਅਪ੍ਰੈਲ (ਹਿੰ.ਸ.)। ਪਿੰਡ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਂਵਾਂ ਦੇਣ ਦੇ ਮਕਸਦ ਨਾਲ ਅੱਜ ਸੀ.ਐਚ.ਸੀ ਹਾਰਟਾ ਬਡਲਾ ਵਿਖੇ ਤਿਆਰ ਹੋਈ ਬੀ.ਪੀ.ਐਚ.ਯੂ ਦੀ ਨਵੀਂ ਇਮਾਰਤ ਦਾ ਉਦਘਾਟਨ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਵਲੋਂ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ, ਕਾਰਜਕਾਰੀ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਸੀਨੀਅਰ ਮੈਡੀਕਲ ਅਫਸਰ ਡਾ. ਮਨਪ੍ਰੀਤ ਸਿੰਘ ਬੈਂਸ, ਸਮੂਹ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ, ਹਾਰਟਾ ਅਤੇ ਬਡਲਾ ਪਿੰਡ ਦੇ ਸਰਪੰਚਾਂ ਤੋਂ ਇਲਾਵਾ ਪਿੰਡਾਂ ਦੇ ਪਤਵੰਤੇ ਸਜਣ ਹਾਜ਼ਿਰ ਸਨ।
ਉਦਘਾਟਨ ਸਮਾਗਮ ਦੌਰਾਨ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਇਹ ਨਵਾਂ ਬਲਾਕ ਪ੍ਰਾਇਮਰੀ ਹੈਲਥ ਯੂਨਿਟ ਪਿੰਡ ਦੇ ਲੋਕਾਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਯੂਨਿਟ ਦੇ ਚੱਲਣ ਨਾਲ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ, ਲੈਬ ਟੈਸਟ ਅਤੇ ਆਮ ਬਿਮਾਰੀਆਂ ਦਾ ਇਲਾਜ ਬਲਾਕ ਪੱਧਰ ‘ਤੇ ਹੀ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਦੂਰ-ਦਰਾਜ਼ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਡਾ. ਇਸ਼ਾਂਕ ਕੁਮਾਰ ਨੇ ਸਿਹਤ ਵਿਭਾਗ ਦੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ।
ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਇਸ ਨਵੇਂ ਬਣੇ ਬਲਾਕ ਪ੍ਰਾਈਮਰੀ ਹੈਲਥ ਯੂਨਿਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵੇਂ ਯੂਨਿਟ ਵਿੱਚ ਤਜਰਬੇਕਾਰ ਅਤੇ ਪ੍ਰਸ਼ਿਖਤ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸਾਰੇ ਜ਼ਰੂਰੀ ਸਾਜੋ-ਸਾਮਾਨ ਦੀ ਵੀ ਉਪਲਬਧਤਾ ਯਕੀਨੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੂਨਿਟ ਲੋਕਾਂ ਨੂੰ ਸਮੇਂ-ਸਿਰ ਅਤੇ ਗੁਣਵੱਤਾ ਭਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਬੀ.ਪੀ.ਐਚ.ਯੂ ਦੇ ਨਿਰਮਾਣ ਹੋਣ ਨਾਲ ਇੱਕ ਹੀ ਛੱਤ ਥੱਲੇ ਹਰ ਤਰ੍ਹਾ ਦੀ ਸਿਹਤ ਨਾਲ ਸੰਬੰਧਿਤ ਜਾਂਚ ਸਹੂਲਤਾਂ ਉਪਲਬੱਧ ਹੋਣਗੀਆਂ ਅਤੇ ਮਰੀਜ਼ਾਂ ਨੂੰ ਦੂਰ ਦਰਾਡੇ ਜਾਣ ਦੀ ਲੋੜ ਨਹੀਂ ਪਵੇਗੀ।
ਇਸ ਮੌਕੇ ਐਸ.ਐਮ.ਓ ਡਾ. ਮਨਪ੍ਰੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਦਾ ਅਤੇ ਵਿਧਾਇਕ ਹਲਕਾ ਚੱਬੇਵਾਲ ਡਾ.ਇਸ਼ਾਂਕ ਕੁਮਾਰ ਦਾ ਤੇ ਜ਼ਿਲ੍ਹੇ ਤੋਂ ਆਏ ਅਧਿਕਾਰੀਆਂ ਦਾ ਸੀ.ਐਚ.ਸੀ ਵਿਖੇ ਆਉਣ ਅਤੇ ਪ੍ਰਾਇਮਰੀ ਹੈਥਰ ਯੂਨਿਟ ਪਿੰਡ ਦੇ ਲੋਕਾਂ ਨੂੰ ਸਪਰਪਿਤ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਬਲਾਕ ਪੱਧਰ ’ਤੇ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਆਊਟਬ੍ਰੇਕ ਹੋਣ ਦੀ ਸੂਰਤ ਵਿੱਚ ਉਸ ਨੂੰ ਬਲਾਕ ਪੱਧਰ ਤੇ ਰੋਕਣ ਵਿੱਚ ਬੀ.ਪੀ.ਐਚ.ਯੂ ਬਹੁਤ ਲਾਭਦਾਇਕ ਸਿੱਧ ਹੋਵੇਗਾ ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ