
ਚੰਡੀਗੜ੍ਹ, 28 ਅਪ੍ਰੈਲ (ਹਿੰ.ਸ.)| ਭਗਵੰਤ ਸਿੰਘ ਮਾਨ ਨੇ ਆਪਣੇ ਨੀਦਰਲੈਂਡ ਅਤੇ ਫਿਨਲੈਂਡ ਦੌਰੇ ਤੋਂ ਵਾਪਸੀ ਉਪਰੰਤ ਇਸ ਦੇ ਨਤੀਜਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੌਰੇ ਨਾਲ ਪੰਜਾਬ ਨੂੰ ਖੇਤੀਬਾੜੀ, ਉਦਯੋਗ, ਸਿੱਖਿਆ ਅਤੇ ਨਵੀਨਤਾ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਲਾਭ ਮਿਲਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਦੇਸ਼ੀ ਕੰਪਨੀਆਂ ਵੱਲੋਂ ਸੂਬੇ ਵਿੱਚ ਨਿਵੇਸ਼ ਲਈ ਦਿਲਚਸਪੀ ਦਿਖਾਈ ਗਈ ਹੈ, ਜਿਸ ਨਾਲ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜਾਇਕਾ ਵੱਲੋਂ 1300 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਇੱਕ ਵੱਡਾ ਕਦਮ ਹੈ। ਇਸ ਤੋਂ ਇਲਾਵਾ ਹੋਰ ਗਲੋਬਲ ਕੰਪਨੀਆਂ ਵੀ ਪੰਜਾਬ ਵਿੱਚ ਨਿਵੇਸ਼ ਅਤੇ ਤਕਨਾਲੋਜੀ ਸਾਂਝੇਦਾਰੀ ਲਈ ਅੱਗੇ ਆ ਰਹੀਆਂ ਹਨ, ਜਿਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਖੇਤੀਬਾੜੀ ਖੇਤਰ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ ਕੇਉਕੇਨਹੌਫ ਵਰਗੇ ਵਿਸ਼ਵ-ਪ੍ਰਸਿੱਧ ਬਾਗਬਾਨੀ ਮਾਡਲਾਂ ਤੋਂ ਸਿੱਖ ਲੈ ਕੇ ਪੰਜਾਬ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨੀਦਰਲੈਂਡ ਵਿੱਚ ਵਰਤੀ ਜਾ ਰਹੀ ਵਰਟੀਕਲ ਫਾਰਮਿੰਗ ਅਤੇ ਪੌਲੀਹਾਊਸ ਤਕਨੀਕ ਨਾਲ ਉਤਪਾਦਨ ਵਿੱਚ ਕਈ ਗੁਣਾ ਵਾਧਾ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੱਡਾ ਇਜ਼ਾਫਾ ਹੋਵੇਗਾ।
ਉਦਯੋਗਿਕ ਅਤੇ ਤਕਨੀਕੀ ਖੇਤਰ ਵਿੱਚ ਵੀ ਦੌਰੇ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਐਨਐਕਸਪੀ ਸੈਮੀਕੰਡਕਟਰ ਵਰਗੀਆਂ ਕੰਪਨੀਆਂ ਨੇ ਪੰਜਾਬ ਵਿੱਚ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਇਸ ਨਾਲ ਮੋਹਾਲੀ ਨੂੰ ਤਕਨੀਕੀ ਹੱਬ ਵਜੋਂ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।
ਸਿੱਖਿਆ ਖੇਤਰ ਵਿੱਚ ਫਿਨਲੈਂਡ ਦੇ ਮਾਡਲ ਤੋਂ ਪ੍ਰੇਰਨਾ ਲੈਂਦਿਆਂ ਪੰਜਾਬ ਵਿੱਚ ਅਧਿਆਪਕ ਤਿਆਰੀ, ਹੁਨਰ ਵਿਕਾਸ ਅਤੇ ਬਾਲ-ਕੇਂਦ੍ਰਿਤ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਹੈ। ਪਹਿਲਾਂ ਹੀ ਕਈ ਅਧਿਆਪਕਾਂ ਨੂੰ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ ਅਤੇ ਅਗਲੇ ਦੌਰਾਂ ਵਿੱਚ ਹੋਰ ਬੈਚ ਭੇਜੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰੇ ਨਾਲ ਪੰਜਾਬ ਨੂੰ ਗਲੋਬਲ ਸਪਲਾਈ ਚੇਨਾਂ ਨਾਲ ਜੋੜਨ, ਨਿਰਯਾਤ ਵਧਾਉਣ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਮੌਕੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਖੇਤੀ, ਉਦਯੋਗ ਅਤੇ ਸਿੱਖਿਆ ਵਿੱਚ ਹੋਏ ਇਹ ਸਮਝੌਤੇ ਪੰਜਾਬ ਨੂੰ ਇੱਕ ਨਵੀਨਤਾ-ਅਧਾਰਤ ਅਤੇ ਨਿਵੇਸ਼ਕ-ਅਨੁਕੂਲ ਰਾਜ ਵਜੋਂ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH