
ਫਾਜ਼ਿਲਕਾ, 28 ਅਪ੍ਰੈਲ (ਹਿੰ.ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੀਡ ਫਾਰਮ, ਅਬੋਹਰ ਵਿਖੇ ਝੋਨੇ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਉਪਲਬਧ ਹਨ। ਇਹ ਜਾਣਕਾਰੀ ਦਿੰਦਿਆਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਇੰਚਾਰਜ ਡਾ. ਜਗਦੀਸ ਕੁਮਾਰ ਅਰੋੜਾ ਨੇ ਦੱਸਿਆ ਕਿ ਝੋਨੇ ਦੀਆਂ ਕਿਸਮਾਂ ਪੀ.ਆਰ-133, ਪੀ.ਆਰ-132, ਪੀ.ਆਰ-131, ਪੀ.ਆਰ-126, ਪੀ.ਆਰ-114 ਅਤੇ ਬਾਸਮਤੀ-1718 ਦਾ ਬੀਜ ਇਸ ਕੇਂਦਰ ਤੇ ਮਿਲਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਨਵੀਂ ਕਿਸਮ ਪੀ.ਆਰ-133 ਇਸ ਸਾਲ ਵਿਕਸਿਤ ਕੀਤੀ ਹੈ ਜੋ ਪਨੀਰੀ ਲਾਉਣ ਤੋਂ ਬਾਅਦ ਪੱਕਣ ਲਈ 111 ਦਿਨ ਦਾ ਸਮਾਂ ਲੈਂਦੀ ਹੈ, ਇਸ ਦੇ ਬੂਟੇ ਦਾ ਕੱਦ 109 ਸੈ.ਮੀ. ਅਤੇ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਉਨ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਝੋਨੇ ਦੀਆਂ ਇਹ ਕਿਸਮਾਂ ਦੀ ਹੀ ਬਿਜਾਈ ਕਰਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ